Monday, December 13, 2021

ਕਰੋਨਾ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਾਉਣ ਵਾਲੇ ਵੀ ਸੰਕਟ ਵਿੱਚ

 Monday 13th December 2021 at 4:46 PM

ਪੁਲਿਸ ਵਲੰਟੀਅਰ ਵੀ ਬੇਬਸ--ਨਾ ਤਨਖਾਹ ਮਿਲਦੀ ਹੈ ਤੇ ਨਾ ਛੁੱਟੀ


ਮੋਹਾਲੀ: 13 ਦਸੰਬਰ 2021: (ਗੁਰਜੀਤ ਬਿੱਲਾ//ਜਨਤਾ ਸਕਰੀਨ)::
ਕੋਰੋਨਾ ਵਾਲੇ ਔਖੇ ਵੇਲਿਆਂ ਦੌਰਾਨ ਜਦੋਂ ਪਰਿਵਾਰ ਦੇ ਲੋਕ ਹੀ ਇੱਕ ਦੂਜੇ ਨੂੰ ਨਹੀਂ ਸਨ ਪਛਾਣਦੇ ਉਦੋਂ ਮਨੁੱਖੀ ਡਿਊਟੀਆਂ ਨਿਭਾਉਣ ਵਾਲੇ ਹੁਣ ਖੁਦ ਸੰਕਟ ਵਿੱਚ ਹਨ। ਉਹਨਾਂ ਨੂੰ ਇਸ ਅਰਸੇ ਦੌਰਾਨ ਨਾ ਕੋਈ ਛੁੱਟੀ ਮਿਲੀ ਅਤੇ ਨਾ ਹੀ ਕੋਈ ਤਨਖਾਹ। ਹੁਣ ਉਹ ਮਜਬੂਰ ਹੋ ਕੇ ਅੰਦੋਲਨ ਸ਼ੁਰੂ ਕਰਨ ਵਰਗਾ ਕੁਝ ਗੰਭੀਰ ਐਕਸ਼ਨ ਸੋਚ ਰਹੇ ਹਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਉਹਨਾਂ ਦੀ ਬਾਂਹ ਫੜੀ ਹੈ। 
‘ਤੁਹਾਨੂੰ ਛੁੱਟੀ ਨਹੀਂ ਮਿਲ ਸਕਦੀ, ਤੁਹਾਡਾ ਕੰਮ ਕੌਣ ਕਰੂ? ਤੁਹਾਨੂੰ ਤਨਖਾਹ ਕਾਹਦੀ, ਤੁਸੀਂ ਕੀ ਕਰਦੇ ਹੋ?’’ ਇਹ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ। ਸਗੋਂ ਇਹ ਦਾਸਤਾਨ ਪਿਛਲੇ 2 ਸਾਲਾਂ ਤੋਂ ਕੋਵਿਡ ਮਹਾਂਮਾਰੀ ਵਿੱਚ ਪੰਜਾਬ ਪੁਲਿਸ ਵਲੰਟੀਅਰਜ਼ ਵਜੋਂ ਭਰਤੀ ਕੀਤੇ ਉਨ੍ਹਾਂ 3600 ਨੌਜਵਾਨਾਂ ਦੀ ਹੈ ਜੋ ਹੁਣ ਤੱਕ ਨੌਕਰੀ ਦੀ ਆਸ ’ਚ ਬਿਨਾਂ ਤਨਖਾਹੋ ਕੰਮ ਕਰਦੇ ਕਰਦੇ ਸਿਰਫ 380 ਰਹਿ ਗਏ ਹਨ। 
ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਵਲੰਟੀਅਰ ਜਗਮੀਤ ਸਿੰਘ ਮੁਕਤਸਰ, ਗੁਰਪ੍ਰੀਤ ਸਿੰਘ ਤਰਨਤਾਰਨ, ਬਚਿੱਤਰ ਸਿੰਘ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਫਾਜ਼ਿਲਕਾ ਅਤੇ ਹਰਿੰਦਰ ਸਿੰਘ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਮਾਰਚ 2019 ਵਿੱਚ ਕਰੋਨਾ ਮਹਾਂਮਾਰੀ ਦੇ ਸਿਖਰ ਉਤੇ ਸਰਕਾਰ ਨੇ ਉਦੋਂ ਭਰਤੀ ਕੀਤੇ ਸਨ,, ਜਦੋਂ ਕਰੋਨਾ ਮਰੀਜ਼ਾਂ ਦੀਆਂ ਮਾਵਾਂ ਨੇ ਪੁੱਤ ਨਹੀਂ ਪਛਾਣੇ, ਪੁੱਤਾਂ ਨੇ ਪਿਓ ਛੱਡ ਦਿੱਤੇ ਸਨ ਤਾਂ ਉਸ ਵੇਲੇ ਕਰੋਨਾ ਮਰੀਜ਼ਾਂ ਦਾ ਸਰਕਾਰ ਇਹ ਵਲੰਟੀਰਜ਼ ਕਰਾਉਂਦੇ ਸਨ। ਇਹੀ ਨਹੀਂ; ਉਨ੍ਹਾਂ ਨੂੰ ਥਾਣਿਆਂ ’ਚ ਸਾਂਝ ਕੇਂਦਰਾਂ ਵਿੱਚ ਡਰਾਈਵਰ, ਬੈਂਕ ਡਿਊਟੀ, ਨਾਕਾ ਡਿਊਟੀ ਤੇ ਚਾਹ ਬਣਾਉਣ ਵਰਗੀਆਂ ਡਿਊਟੀਆਂ ਦਿੱਤੀਆਂ ਗਈਆਂ, ਪਰ ਅਜੇ ਤੱਕ ਕਿਸੇ ਨੂੰ ਵੀ ਤਨਖਾਹ ਦੀ ਇਕ ਕਾਣੀ ਕੋਡੀ ਵੀ ਨਹੀਂ ਦਿੱਤੀ ਗਈ। ਇਹੀ ਕਾਰਨ ਹੈ ਕਿ 3600 ਵਲੰਟੀਅਰਜ਼ ’ਚੋਂ ਹੁਣ 380 ਬਿਨ ਤਨਖਾਹੋਂ ਵਲੰਟੀਅਰਜ਼ ਅਜੇ ਵੀ ਕੰਮ ਕਰ ਰਹੇ ਹਨ ਤੇ ਬਾਕੀ ਦੇ ਘਰ ਦੀਆਂ ਤੰਗੀਆਂ  ਤੁਰਸ਼ੀਆਂ ਦੇ ਮਾਰੇ ਵਾਪਸ ਚਲੇ ਗਏ ਹਨ।
ਇਨ੍ਹਾਂ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਨੂੰ ਪੰਜਾਬ ਦੇ ਡੀ ਜੀ ਪੀ ਤੇ ਹੋਰ ਅਫਸਰਸ਼ਾਹੀ, ਵਿਧਾਇਕਾਂ, ਮੰਤਰੀਆਂ ਅਤੇ ਮੁੱਖ ਮੰਤਰੀ ਤੱਕ ਜਲਦੀ ਨੌਕਰੀ ਦੇਣ ਦੇ ਭਰੋਸੇ ਦਿੱਤੇ ਗਏ ਸਨ। ਪੰਜਾਬ ਦਾ ਸਾਇਦ ਕੋਈ ਹੀ ਵਿਧਾਇਕ ਹੋਵੇ ਜਿਸਨੇ ਉਨ੍ਹਾਂ ਨੂੰ ਜਲਦੀ ਨੌਕਰੀ ਉਪਰ ਰੱਖਣ ਦਾ ਭਰੋਸਾ ਨਾ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਹੀ ਮੰਤਰੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਹ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਉਨ੍ਹਾਂ ਦਾ ਕੰਮ ਕਰ ਦਿੱਤਾ ਜਾਵੇਗਾ।
ਚਿਹਰੇ ਤੇ ਨਿਰਾਸ਼ਾ ’ਚ ਡੁੱਬੇ ਇਨ੍ਹਾਂ ਫਰੰਟ ਲਾਈਨ ਯੋਧਿਆਂ ਨੂੰ ਸ਼ਾਇਦ ਸਿਆਸਤ ਦੀਆਂ ਤਿਕੜਮਬਾਜ਼ੀਆਂ ਦਾ ਪਤਾ ਨਹੀਂ ਸੀ ਜਿਸ ਦੇ ਭਰੋਸੇ ਇਹ ਆਪਣੀ ਜ਼ਿੰਦਗੀ ਮੌਤ ਦੇ ਮੂੰਹ ਦੇਣ ਲਈ ਰਾਜੀ ਹੋ ਗਏ ਅਤੇ ਜਦੋਂ ਕਰੋਨਾ ਦਾ ਮਾੜਾ ਸਮਾਂ ਨਿਕਲ ਗਿਆ ਤਾਂ ਕਰੋਨਾ ਉੱਤੇ ਜਿੱਤ ਲਈ ਆਪਣੀ ਪਿੱਠ ਥਾਪੜਦੀ ਸਰਕਾਰ ਨੇ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਉਹ ਪੱਤਰਕਾਰਾਂ ਨੂੰ ਵਾਰ ਵਾਰ ਪੁੱਛ ਰਹੇ ਸਨ ਕਿ ਘਰ ਘਰ ਜਾ ਕੇ ਫਾਰਮ ਭਰਵਾ ਕੇ ਰੋਜ਼ਗਾਰ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ 23 ਲੱਖ ਨੌਕਰੀਆਂ ਦੇਣ ਦਾ ਪਖੰਡ ਤਾਂ ਕਰ ਰਹੀ ਹੈ, ਪਰ ਹਕੀਕਤ ’ਚ ਸਾਰੇ ਕੱਚੇ, ਆਓਟਸੋਰਸ ਤੇ ਐਡਹਾਕ ਮੁਲਾਜ਼ਮ ਹਰ ਰੋਜ ਟੈਂਕੀਆਂ, ਸੜਕਾਂ ਤੇ ਧੱਕੇ ਖਾ ਰਹੇ ਹਨ।
ਹੁਣ ਇਨ੍ਹਾਂ ਵਲੰਟੀਅਰਜ਼ ਨੇ ਫੇਜ 8 ਮੋਹਾਲੀ, ਗੁਰਦੁਆਰਾ ਸਾਹਿਬ ਸਾਹਮਣੇ ਧਰਨਾ ਲਾ ਕੇ ਕੋਈ ਸਖਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ ਤਾਂ ਕਿ ਸਰਕਾਰ ਦੇ ਕੰਨਾਂ ਵਿੱਚ ਉਨ੍ਹਾਂ ਦੀ ਆਵਾਜ਼ ਪੈ ਸਕੇ।
ਇਸੇ ਦੌਰਾਨ ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਹਰਮੀਤ ਕੌਰ ਬਾਜਵਾ ਨੇ ਆਪਣੀ ਜਥੇਬੰਦੀ ਵੱਲੋਂ ਇਨਾਂ ਪੰਜਾਬ ਪੁਲਿਸ ਵਲੰਟੀਅਰ ਦੀ ਤਨ ਮਨ ਤੇ ਧਨ ਨਾਲ ਹਮਾਇਤ ਕਰਨ ਦਾ ਐਲਾਨ ਕੀਤਾ ਹੈ।

No comments:

Post a Comment