Friday, December 10, 2021

ਸਜ਼ਾ ਪੂਰੀ ਕਰ ਚੁੱਕੇ ਸਿਆਸੀ ਕੈਦੀਆਂ ਨੂੰ ਰਿਹਾ ਨਾ ਕਰਨ ਦੀ ਨਿਖੇਧੀ

ਪੰਜਾਬ ਸਟੂਡੈਂਟਸ ਯੂਨੀਅਨ ਨੇ ਦੱਸਿਆ ਇਸ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ


ਫਾਜ਼ਿਲਕਾ
:10 ਦਸੰਬਰ 2021: (ਧੀਰਜ ਕੁਮਾਰ//ਜਨਤਾ ਸਕਰੀਨ)::

ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ  ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਸਜ਼ਾ ਭੁਗਤ ਚੁਕੇ ਸਿਆਸੀ ਕੈਦੀਆਂ ਤੇ ਝੂਠੇ ਕੇਸਾਂ ਚ ਫਸਾ ਕੇ ਜਲ 'ਚ ਬੰਦ ਕੀਤੇ ਹੋਏ ਹੋਰ ਬੁਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾ ਦੀ ਰਿਹਾਈ ਲਈ ਐਮ.ਆਰ.ਸਰਕਾਰੀ ਕਾਲਜ ਫਾਜ਼ਿਲਕਾ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਇਤਿਹਾਸਿਕ ਦਿਨ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪੀ.ਐੱਸ.ਯੂ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ ਅਤੇ ਕਾਲਜ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਪ੍ਰਵੀਨ ਕੌਰ ਨੇ ਕਿਹਾ ਕਿ ਦੇਸ਼ ਭਰ ਵਿੱਚ ਹਜ਼ਾਰਾਂ ਕੈਦੀ ਆਪਣੀ ਸਜ਼ਾ ਪੁਰੀ ਕਰਨ ਦੇ ਬਾਵਜੂਦ ਜੇਲਾਂ ਵਿੱਚ ਰੁਲ ਰਹੇ ਹਨ। ਇਹਨਾਂ ਵਿੱਚ ਸਥਾਪਤੀ ਵਿਰੋਧੀ ਲਹਿਰਾਂ ਦੇ ਕਾਰਕੁੰਨ, ਮੁਸਲਮਾਨ, ਸਿੱਖਾਂ ਅਤੇ ਇਸਾਈ ਧਾਰਮਿਕ ਘੱਟ ਗਿਣਤੀਆਂ ਦੇ  ਸਮੇਤ  ਵੱਡੀ ਗਿਣਤੀ ਆਰਥਿਕ ਪੱਖੋਂ ਗਰੀਬ, ਦਲਿਤ, ਆਦਿਵਾਸੀਆਂ ਅਤੇ ਵਿਦੇਸ਼ੀਆਂ ਰਾਜਨੀਤਕ ਕੈਦੀ ਸ਼ਾਮਿਲ ਹਨ। ਇਸ ਪ੍ਰਬੰਧ ਵਿੱਚ ਸਭਨਾ ਲਈ ਇਕਸਾਰ ਨਿਯਮ ਲਾਗੂ ਨਹੀਂ ਹਨ। 

ਆਰਥਿਕ ਅਤੇ ਰਾਜਨੀਤਕ ਪੱਖੋਂ ਪਹੁੰਚ ਵਾਲੇ ਲੋਕ, ਜਿਹੜੇ ਪਹਿਲਾਂ ਹੀ ਆਪਣੇ ਸਿਆਸੀ ਅਸਰ ਰਸੂਖ ਦੇ ਜ਼ੋਰ ਮੁਕੱਦਮੇ ਦਰਜ  ਹੋਣ ਅਤੇ ਸਜ਼ਾਵਾਂ ਤੋਂ ਅਕਸਰ ਹੀ ਬਚ ਨਿਕਲਦੇ ਹਨ, ਕਦੇ ਵੀ  ਪੂਰੀਆ ਸਜ਼ਾਵਾਂ ਜੇਲਾਂ ਵਿੱਚ ਨਹੀਂ ਕੱਟਦੇ, ਸਗੋਂ ਅਕਸਰ ਹੀ ਉਹ ਆਪਣੀਆਂ ਸਜ਼ਾਵਾਂ ਨੂੰ ਮੁਆਫ ਵੀ ਕਰਵਾ ਲੈਂਦੇ ਹਨ। ਦਿੱਲੀ ਦੰਗਿਆਂ ਦੇ ਕੁੱਝ ਦੋਸ਼ੀਆਂ ਦੀ ਸਜ਼ਾ, ਜੋ ਹਾਈਕੋਰਟ ਨੇ ਘਟਾ ਕੇ ਉਮਰ ਕੈਦ ਕਰ ਦਿੱਤੀ ਸੀ, ਨੂੰ ਦਿੱਲੀ ਸਰਕਾਰ ਨੇ ਬਿਲਕੁਲ ਹੀ ਮੁਆਫ ਕਰ ਦਿੱਤਾ ਸੀ। 

ਗੁਜਰਾਤ ਦੰਗਿਆਂ ਦੀ ਦੋਸ਼ੀ ਉਥੋਂ ਦੀ ਸਾਬਕਾ ਸਿਹਤ ਮੰਤਰੀ ਮਾਇਆ ਕੋਡਨਾਨੀ ਜੇਲ ਵਿੱਚੋ ਪੈਰੋਲ ਦੀ ਸਹੂਲਤ ਲੈ ਚੁੱਕੀ ਹੈ। ਜਮੀਨੀ ਪੱਧਰ ਦੀ ਹਕੀਕਤ ਇਹ ਹੈ ਕਿ ਇੱਥੇ ਮਨੁੱਖੀ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਫਾਸ਼ੀਵਾਦੀ ਹਕੂਮਤ ਵੱਲੋਂ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਆਦਿ ਵਰਗਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉੱਠ ਰਹੀ ਆਵਾਜ਼ ਨੂੰ ਹੀ ਦਬਾਇਆ ਜਾ ਰਿਹਾ ਹੈ। ਜਿਸ ਦੇ ਲਈ ਸਰਕਾਰ ਦੁਆਰਾ ਇੱਥੋਂ ਦੀ ਪੁਲੀਸ,ਫੌਜ, ਜੇਲ੍ਹਾਂ ਅਤੇ ਕਚਹਿਰੀਆਂ ਨੂੰ ਵਰਤਿਆ ਜਾ ਰਿਹਾ ਹੈ।  ਫਾਸ਼ੀਵਾਦੀ ਏਜੰਡੇ ਤਹਿਤ ਹੀ ਕੇੰਦਰ ਸਰਕਾਰ ਦੁਆਰਾ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੇ ਲੇਖਕਾਂ ਅਤੇ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਉੱਪਰ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ। ਇਨ੍ਹਾਂ ਵਿਚੋਂ ਬਹੁਤੇ ਕੈਦੀਆਂ ਦੀ ਸਜ਼ਾ ਪੂਰੀ ਹੋਣ ਤੱਕ ਵੀ ਰਿਹਾਅ ਨਹੀ ਕੀਤਾ ਗਿਆ। ਹਕੂਮਤ ਦਾ ਇਹ ਵਰਤਾਰਾ ਮਨੁੱਖੀ ਹੱਕਾਂ ਦਾ ਕਤਲ ਵਾਲਾ ਵਤੀਰਾ  ਹੈ, ਜਿਸਦਾ  ਪੰਜਾਬ ਸਟੂਡੈਂਟਸ ਯੂਨੀਅਨ ਜੋਰਦਾਰ ਵਿਰੋਧ ਕਰਦੀ ਹੈ।

ਪੀ.ਐੱਸ.ਯੂ  ਆਗੂ ਪਰਮਜੀਤ ਕੌਰ, ਅਨੀਤਾ, ਨੇਹਾ ਅਤੇ ਅਨੁਪਮਾ ਨੇ ਕਿਹਾ ਕਿ ਅੱਜ ਫਾਸ਼ੀਵਾਦੀ ਹਕੂਮਤ ਵੱਲੋਂ  ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦੇ ਸ਼ਰੇਆਮ ਵੇਖਿਆ ਜਾ ਸਕਦਾ ਹੈ,ਲੁਟੇਰੇ ਪ੍ਰਬੰਧ ਖਿਲਾਫ ਬੋਲਣ ਵਾਲੇ ਕਾਰਕੁੰਨਾਂ ਨੂੰ ਅੱਤਵਾਦੀ,ਸ਼ਹਿਰੀ ਨਕਸਲੀ,ਧਾਰਮਿਕ ਭਾਵਨਾਵਾਂ ਭੜ੍ਕਾਉਣ ਵਰਗੇ ਝੂਠੇ ਕੇਸ ਮੜ੍ ਕੇ ਜੇਲੀੰ ਡੱਕਿਆ ਜਾ ਰਿਹਾ ਹੈ। ਲੁਟੇਰੇ ਢਾਂਚੇ ਦੀਆਂ ਫ਼ਿਰਕੂ ਤਾਕਤਾਂ ਲੋਕਾਂ ਦੀ ਆਵਾਜ਼ ਬਣਨ ਵਾਲੀ ਪੱਤਰਕਾਰ ਗੌਰੀ ਲੰਕੇਸ਼ ਵਰਗਿਆਂ ਨੂੰ ਜਿਉਣ ਦਾ ਹੱਕ ਹੀ ਨਹੀਂ ਦਿੰਦੀਆਂ ਜਾਂ ਫਿਰ ਗੌਤਮ ਨਵਲਖਾ, ਉਮਰ ਖਾਲਿਦ, ਅਰੁਣ ਫਰੇਰਾ, ਜੀ. ਐਨ. ਸਾਈੰਬਾਬਾ ਵਰਗੇ ਸਮਾਜਿਕ ਕਾਰਕੁਨਾਂ ਨੂੰ ਯੂ.ਏ.ਪੀ.ਏ. ਤਹਿਤ ਜੇਲ੍ਹਾਂ ਅੰਦਰ ਡੱਕ ਦਿੱਤਾ ਜਾਂਦਾ ਹੈ। ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੇ ਹੱਕਾਂ ਦੀ ਆਵਾਜ਼ ਨੂੰ ਦਬਾਉਣ ਦੀ ਪ੍ਰਕਿਰਿਆ ਹੋਰ ਵੀ ਤੇਜ਼ ਹੋ ਚੁੱਕੀ ਹੈ।

 ਮਨੁੱਖੀ ਅਧਿਕਾਰ ਦਿਵਸ ਮੌਕੇ ਮਨੁੱਖੀ ਅਧਿਕਾਰਾਂ ਦੇ ਹੁੰਦੇ ਘਾਣ ਤੇ ਪੰਜਾਬ ਸਟੂਡੈਂਟਸ ਯੂਨੀਅਨ ਮੰਗ ਕਰਦੀ ਹੈ ਕਿ ਜੋ ਸਿਆਸੀ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਨਜਾਇਜ਼ ਪਰਚੇ ਪਾ ਕੇ ਜੇਲਾਂ ਵਿੱਚ ਬੰਦ ਕੀਤੇ ਬੁੱਧੀਜੀਵੀਆਂ , ਲੇਖਕਾਂ , ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾ ਦੀ ਜਲਦੀ ਤੋਂ ਜਲਦੀ ਰਿਹਾਈ ਹੋਣੀ ਚਾਹੀਦੀ ਹੈ। 

ਇਸ ਮੌਕੇ ਰਜਿੰਦਰ ਸਿੰਘ, ਮਮਤਾ, ਪਰਮਜੀਤ ਕੌਰ, ਰਿਤੂ, ਲਵਪ੍ਰੀਤ ਸਿੰਘ, ਰਾਜ ਮੌਜਮ, ਰਾਜਪ੍ਰੀਤ ਆਦਿ ਵਿਦਿਆਰਥੀ ਸ਼ਾਮਲ ਸਨ।

*ਧੀਰਜ ਕੁਮਾਰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੀਨੀਅਰ ਆਗੂ ਹਨ ਅਤੇ ਉਹਨਾਂ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ-97798-14498

No comments:

Post a Comment