ਪੇਂਡੂ ਤੇ ਖੇਤ ਮਜ਼ਦੂਰਾਂ ਦੇ 'ਰੇਲ ਰੋਕੋ' ਅੰਦੋਲਨ ਦੀ ਡਟਵੀਂ ਹਮਾਇਤ
ਚੰਡੀਗੜ੍ਹ: 7 ਦਸੰਬਰ 2021: (ਜਨਤਾ ਸਕਰੀਨ ਬਿਊਰੋ)::
ਪ੍ਰਤੀਕਾਤਮਕ ਫਾਈਲ ਫੋਟੋ ਲੁਧਿਆਣਾ ਦੀ |
ਕਿਸਾਨ ਆਗੂ ਉਗਰਾਹਾਂ ਦੀ ਹਮਾਇਤ ਮਗਰੋਂ ਸਥਾਨਕ ਯੂਨਿਟਾਂ ਦੀਆਂ ਸਰਗਰਮੀਆਂ ਵੱਧ ਗਈਆਂ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਜਥੇਬੰਦੀ ਦੀ ਤੈਅਸ਼ੁਦਾ ਨੀਤੀ ਮੁਤਾਬਕ ਖੇਤ ਮਜ਼ਦੂਰ ਬੇਜ਼ਮੀਨੇ ਕਿਸਾਨ ਹੀ ਹਨ, ਜਿਸ ਦੀ ਪੁਸ਼ਟੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਕਰਦੀ ਹੈ। ਬਿਨਾਂ ਸ਼ੱਕ ਉਹ ਜ਼ਮੀਨ ਮਾਲਕ ਛੋਟੇ ਕਿਸਾਨਾਂ ਨਾਲੋਂ ਵੀ ਵੱਧ ਆਰਥਕ ਲੁੱਟ ਦਾ ਸ਼ਿਕਾਰ ਹਨ। ਉਨ੍ਹਾਂ ਦੀ ਵੱਡੀ ਬਹੁਗਿਣਤੀ ਦਲਿਤ ਸਮਾਜ ਨਾਲ ਸੰਬੰਧਤ ਹੋਣ ਕਾਰਨ ਉਹ ਉੱਚ ਜਾਤੀ ਜਗੀਰੂ ਹੰਕਾਰ ਤੇ ਜ਼ੁਲਮਾਂ ਦਾ ਸਾਹਮਣਾ ਵੀ ਕਰ ਰਹੇ ਹਨ। ਹਜ਼ਾਰਾਂ, ਲੱਖਾਂ ਬੇਘਰੇ ਰੁਲ ਰਹੇ ਹਨ। ਜਥੇਬੰਦੀ ਇਨ੍ਹਾਂ ਜੁਝਾਰੂਆਂ ਨਾਲ ਸੰਘਰਸ਼ੀ ਸਾਂਝ ਲਗਾਤਾਰ ਪੁਗਾਉਂਦੀ ਤੇ ਵਧਾਉਂਦੀ ਆ ਰਹੀ ਹੈ। ਜਥੇਬੰਦੀ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਜਿੱਥੇ ਕੇਂਦਰੀ ਭਾਜਪਾ ਹਕੂਮਤ ਵਿਰੁੱਧ ਸਿੱਕੇਬੰਦ ਜਿੱਤ ਵੱਲ ਵਧ ਰਹੇ ਸਾਂਝੇ ਕਿਸਾਨ ਘੋਲ ਨੂੰ ਦਿੱਲੀ ਤੇ ਪੰਜਾਬ ਦੇ ਮੋਰਚਿਆਂ ਵਿਚ ਹੋਰ ਮਜ਼ਬੂਤ ਕਰਨ ਦਾ ਸੱਦਾ ਕਿਸਾਨਾਂ ਨੂੰ ਦਿੱਤਾ ਗਿਆ ਹੈ, ਉੱਥੇ ਪੇਂਡੂ ਖੇਤ ਮਜ਼ਦੂਰਾਂ ਦੇ ਰੇਲ ਰੋਕੋ ਅੰਦੋਲਨ ਵਿਚ ਵੀ ਜਚਵੀਂ ਹਮਾਇਤੀ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਹੈ। ਇਸ ਹਮਾਇਤ ਨਾਲ ਨਿਸਚੇ ਹੀ ਅੰਦੋਲਨ ਸਿਖਰਾਂ ਤੀਕ ਪੁੱਜੇਗਾ। ਇਸ ਨਾਲ ਨਵੀਂ ਲਹਿਰ ਵੀ ਪੈਦਾ ਹੋਵੇਗੀ।
ਸਰਦਾਰ ਕੋਕਰੀਕਲਾਂ ਨੇ ਕਿਹਾ ਕਿ ਕਿਸਾਨਾਂ ਵਾਂਗ ਹੀ ਨਿੱਜੀਕਰਨ, ਵਪਾਰੀਕਰਨ ਤੇ ਸੰਸਾਰੀਕਰਨ ਦੀਆਂ ਸਾਮਰਾਜੀ ਨੀਤੀਆਂ ਦੀ ਮਾਰ ਹੇਠ ਆਏ ਹੋਏ ਸਭ ਤਬਕਿਆਂ ਦੇ ਠੇਕਾ ਕਾਮਿਆਂ ਵੱਲੋਂ ਕੀਤੇ ਜਾ ਰਹੇ ਜਾਨ ਹੂਲਵੇਂ ਸੰਘਰਸ਼ਾਂ ਦੀ ਹਮਾਇਤ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਵੀ ਅੰਮਿ੍ਤਸਰ, ਮੋਰਿੰਡਾ, ਪਟਿਆਲਾ, ਬਠਿੰਡਾ ਆਦਿ ਕਈ ਥਾਵਾਂ 'ਤੇ ਕਿਸਾਨ ਇਸ ਤਰ੍ਹਾਂ ਦੇ ਸੰਘਰਸ਼ਾਂ ਵਿਚ ਹਮਾਇਤੀ ਸ਼ਮੂਲੀਅਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰੋਡਵੇਜ਼ ਕਾਮਿਆਂ ਦੇ ਅੰਦੋਲਨ ਦੀ ਹਮਾਇਤ ਲਈ ਵੀ ਸਰਦਾਰ ਉਗਰਾਹਾਂ ਨੇ ਕੋਕਰਿਕਲਾਂ ਦੀ ਹੀ ਡਿਊਟੀ ਲਗਾਈ ਹੈ।
No comments:
Post a Comment