Monday, March 31, 2014

ਇਹ ਢਾਂਚਾ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣ ਵਾਲਾ--ਫੂਲਕਾ

ਈਮਾਨਦਾਰ ਅਫਸਰਾਂ ਨੂੰ ਖੂੰਜੇ ਲਾਇਆ ਜਾਂਦਾ ਹੈ
ਬੇਈਮਾਨਾਂ ਨੂੰ ਉਚੇ ਅਹੁਦਿਆਂ 'ਤੇ ਬਿਠਾਇਆ ਜਾਂਦਾ ਹੈ
'ਆਪ' ਉਮੀਦਵਾਰ ਐਡਵੋਕੇਟ ਫੂਲਕਾ ਵਲੋਂ ਸ਼ੇਰਪੁਰ ਵਿੱਚ ਵਿਸ਼ਾਲ ਰੈਲੀ 
ਲੁਧਿਆਣਾ, 30 ਮਾਰਚ 2014: (ਜਨਤਾ ਸਕਰੀਨ ਬਿਊਰੋ):  
ਸਾਡੇ ਲੀਡਰਾਂ ਨੇ ਸਾਰਾ ਸਰਕਾਰੀ ਢਾਂਚਾ ਤਬਾਹ ਕੀਤਾ ਹੋਇਆ ਹੈ ਅਤੇ ਲੀਡਰਾਂ ਦੀ ਸਿਫਾਰਸ਼ ਜਾਂ ਪਰਚੀ ਤੋਂ ਬਗੈਰ ਲੋਕਾਂ ਦਾ ਕਿਸੇ ਵੀ ਸਰਕਾਰੀ ਦਫਤਰ ਵਿਚ ਕੋਈ ਕੰਮ ਨਹੀਂ ਹੁੰਦਾ। ਇਸ ਤਰਾਂ ਇਹਨਾਂ ਲੀਡਰਾਂ ਵਲੋਂ ਲੋਕਾਂ ਨੂੰ ਆਪਣੇ ਪਿੱਛੇ-ਪਿੱਛੇ ਫਿਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਅਸੀਂ ਲੋਕਾਂ ਨੂੰ ਇਹਨਾਂ ਲੀਡਰਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਹਾਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵਲੋਂ 100 ਫੁੱਟੀ ਰੋਡ ਸ਼ੇਰਪੁਰ ਵਿਖੇ ਕੀਤੀ ਗਈ ਵਿਸ਼ਾਲ ਜਨਸਭਾ ਦੌਰਾਨ ਕੀਤਾ। ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਗ਼ੁਲਾਮ ਬਣਾ ਕੇ ਰੱਖਣ ਵਾਲੇ ਇਸ ਨਿਕੰਮੇ ਢਾਂਚੇ ਵਿਚ ਈਮਾਨਦਾਰ ਅਫਸਰਾਂ ਨੂੰ ਖੂੰਜੇ ਲਾਇਆ ਜਾਂਦਾ ਹੈ ਅਤੇ ਬੇਈਮਾਨਾਂ ਨੂੰ ਉਚੇ ਅਹੁਦਿਆਂ 'ਤੇ ਬਿਠਾਇਆ ਜਾਂਦਾ ਹੈ ਤਾਂ ਕਿ ਉਹ ਖੁਦ ਵੀ ਪੈਸੇ ਕਮਾਉਣ, ਉਹਨਾਂ ਨੂੰ ਵੀ ਦੇਣ ਅਤੇ ਉਹਨਾਂ ਦੀ ਚਾਪਲੂਸੀ ਵੀ ਕਰਨ। 
ਉਹਨਾਂ ਕਿਹਾ ਕਿ 'ਆਪ' ਦੇਸ਼ ਵਿਚ ਸਹੀ ਢਾਂਚੇ ਨੂੰ ਮੁੜ ਬਹਾਲ ਕਰੇਗੀ। ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਤਿੰਨ ਮੁੱਖ ਫਰਜ ਹੁੰਦੇ ਹਨਸਰਕਾਰੀ ਸਕੂਲਾਂ ਦੇ ਮਿਆਰ ਨੂੰ ਉਚਾ ਰੱਖਣਾ, ਸਰਕਾਰੀ ਹਸਪਤਾਲਾਂ ਦੇ ਮਿਆਰ ਨੂੰ ਉਚਾ ਰੱਖਣਾ ਅਤੇ ਆਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ। ਪਰ ਇਹਨਾਂ ਤਿੰਨੇ ਫਰਜਾਂ ਤੋਂ ਸਰਕਾਰਾਂ ਮੂੰਹ ਮੋੜ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਪੜਾਈ ਵਿਚ ਪਿਛੇ ਰਹਿੰਦੇ ਜਾ ਰਹੇ ਹਨ, ਗਰੀਬ ਆਪਣਾ ਇਲਾਜ ਨਹੀਂ ਕਰਾ ਸਕਦੇ ਅਤੇ ਪੁਲਿਸ ਲੋਕਾਂ ਨੂੰ ਛੱਡ ਕੇ ਲੀਡਰਾਂ ਦੀ ਸੁਰੱਖਿਆ ਵਿਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਸਿਆਸੀ ਲੀਡਰ ਗੁੰਡੇ ਇਸ ਲਈ ਪਾਲਦੇ ਹਨ, ਭ੍ਰਿਸ਼ਟਾਚਾਰ ਨਾਲ ਪੈਸੇ ਇਸ ਲਈ ਕਮਾਉਂਦੇ ਹਨ ਕਿ ਉਹ ਸੋਚਦੇ ਹਨ ਕਿ ਚੋਣਾਂ ਗੁੰਡਾਗਰਦੀ ਅਤੇ ਪੈਸੇ ਦੇ ਸਹਾਰੇ ਹੀ ਜਿੱਤੀਆਂ ਜਾ ਸਕਦੀਆਂ ਹਨ, ਜਦੋਂ ਕਿ ਉਹਨਾਂ ਨੂੰ ਇਹ ਖਿਆਲ ਨਹੀਂ ਆਉਂਦਾ ਕਿ ਚੋਣਾਂ ਕੰਮ ਕਰਕੇ ਜਾਂ ਲੋਕਾਂ ਦੀ ਸੇਵਾ ਕਰਕੇ ਵੀ ਜਿੱਤੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਲੋਕ ਇਹਨਾਂ ਚੋਣਾਂ ਵਿਚ ਗਲਤ ਢੰਗ-ਤਰੀਕੇ ਅਪਨਾਉਣ ਵਾਲੇ ਲੀਡਰਾਂ ਨੂੰ ਸਬਕ ਸਿਖਾ ਕੇ ਇਹ ਗੱਲ ਸਿੱਧ ਕਰ ਦੇਣਗੇ। ਸ. ਫੂਲਕਾ ਨੇ ਜਨਸਭਾ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਮਜ਼ਦੂਰ ਵਰਗ ਨਾਲ ਸਬੰਧਿਤ ਕਨੂੰਨਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਾਉਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਸਮੂਹ 'ਆਪ' ਵਰਕਰਾਂ ਤੋਂ ਇਲਾਵਾ ਕੈਪਟਨ ਗੁਰਬਿੰਦਰ ਸਿੰਘ ਕੰਗ, ਕਰਨਲ ਜੇ. ਐਸ. ਗਿੱਲ, ਐਡਵੋਕੇਟ ਪ੍ਰਭ ਸਹਾਇ ਕੌਰ ਫੂਲਕਾ ਆਦਿ ਆਗੂ ਹਾਜ਼ਰ ਸਨ। 

Friday, January 10, 2014

20 ਵਰ੍ਹਿਆਂ ਤੋਂ ਜਾਰੀ ਸਿਲਸਿਲਾ: ਲੋਹੜੀ ਮੌਕੇ ਇੱਕ ਵਾਰ ਫੇਰ ਧੀਆਂ ਦਾ ਮੇਲਾ ਸ਼ੁਰੂ

Fri, Jan 10, 2014 at 3:26 PM
ਭਰੂਣ ਹੱਤਿਆ ਲਈ 302 ਦੀ ਧਾਰਾ ਲੱਗਣੀ ਚਾਹੀਦੀ ਹੈ-ਜੱਸੋਵਾਲ
ਲੁਧਿਆਣਾ:  10 ਜਨਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਮਾਲਵਾ ਸਭਿਆਚਾਰਕ ਮੰਚ, ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ 'ਭਰੂਣ ਹੱਤਿਆ, ਨਸ਼ੇ ਅਤੇ ਸੜਕ ਹਾਦਸੇ' 'ਤੇ ਸੈਮੀਨਾਰ ਪੰਜਾਬੀ ਭਵਨ ਵਿਖੇ ਕਰਵਾ ਕੇ ਤੇਜ਼ਾਬ ਕਾਂਡ ਦੀ ਪੀੜਤ ਹਰਪ੍ਰੀਤ ਕੌਰ ਨੂੰ ਸਮਰਪਿਤ ਲੜਕੀਆਂ ਦੇ 18ਵੇਂ ਲੋਹੜੀ ਮੇਲੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੁੰਜੀਵਤ ਭਾਸ਼ਨ ਦਿੰਦੇ ਹੋਏ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅੱਜ ਸਾਡੇ ਕੋਲੋਂ ਕਿਤਾਬ, ਰਬਾਬ ਅਤੇ ਲਿਆਕਤ ਦੀ ਥਾਂ ਅਨੈਤਿਕ ਕਦਰਾਂ ਕੀਮਤਾਂ ਨੇ ਸਾਡੀ ਜੀਵਨ ਸ਼ੈਲੀ ਨੂੰ ਏਨਾ ਗੰਧਲਾ ਕਰ ਦਿੱਤਾ ਹੈ ਜਿਸ ਕਾਰਨ ਅੱਜ ਸਮਾਜ ਵਿਚ ਨਸ਼ੇ, ਭਰੂਣ ਹੱਤਿਆ ਅਤੇ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਬਲ ਟੀ.ਵੀ. ਨੇ, ਤੇ ਹੁਣ ਜੇਬੀ ਫ਼ੋਨ ਨੇ ਸਾਡੇ ਅੰਦਰ ਅਜਿਹੀ ਉਤੇਜਨਾ ਭਰ ਦਿੱਤੀ ਹੈ ਕਿ ਅਸੀਂ ਸਰਪੱਟ ਦੌੜੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਦੌੜ ਦੇ ਕਾਰਨ ਸਮਾਜ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਅਸੀਂ ਭੁੱਲ ਗਏ ਹਾਂ, ਜਿਸ ਕਾਰਨ ਅਣਕਿਆਸੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਆਪਣਾ ਚਰਚਿਤ ਗੀਤ 'ਮਾਏ ਨੀ ਅਣਜੰਮੀ ਧੀ ਨੂੰ ਇਕ ਲੋਰੀ ਦੇ ਦੇ' ਵੀ ਸੁਣਾਇਆ। ਪ੍ਰੋ. ਮੋਹਨ ਸਿੰਘ ਫ਼ਾਊਂਡੇਸ਼ਨ ਦੇ ਬਾਨੀ ਜਥੇਦਾਰ ਸ. ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਅਜੇ ਤੱਕ ਨਾ ਕਿਸੇ ਵਿਧਾਇਕ ਨੇ ਤੇ ਨਾ ਕਿਸੇ ਐਮ.ਪੀ. ਨੇ ਭਰੂਣ ਹੱਤਿਆ ਬਾਰੇ ਸਦਨ ਵਿਚ ਬਿਆਨ ਨਹੀਂ ਦਿੱਤਾ ਜਦਕਿ ਭਰੂਣ ਹੱਤਿਆ ਲਈ 302 ਦੀ ਧਾਰਾ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਲਾਤਕਾਰ ਕਾਨੂੰਨ ਵਿਚ ਸਖਤੀ ਹੋਈ ਹੈ ਜੇਕਰ ਇਸ ਤਰ੍ਹਾਂ ਭਰੂਣ ਹੱਤਿਆ ਲਈ ਕਾਨੂੰਨ ਬਣ ਸਕੇ ਤਾਂ ਇਸ ਸਮੱਸਿਆ ਨੂੰ ਠੱਲ ਪੈ ਸਕਦੀ ਹੈ। ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਪੁੱਤਰਾਂ ਦੀ ਲੋਹੜੀ ਮਨਾਉਂਦੇ ਹਾਂ ਮਾਲਵਾ ਸਭਿਆਚਾਰਕ ਮੰਚ ਨੇ 20 ਵਰ੍ਹੇ ਪਹਿਲਾਂ ਧੀਆਂ ਦੀ ਲੋਹੜੀ ਮਨਾ ਕੇ ਅੱਜ ਸਮਾਜ ਵਿਚ ਲਹਿਰ ਪੈਦਾ ਕਰ ਦਿੱਤੀ ਹੈ। ਉਜਾਗਰ ਸਿੰਘ ਕੰਵਲ ਨੇ ਸੜਕ ਹਾਦਸਿਆਂ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਦਾ ਮੁੱਖ ਕਾਰਨ ਨਸ਼ੇ ਅਤੇ ਟ੍ਰੈਫਿਕ ਨਿਯਮਾਂ ਵਿਚ ਲਚਕਤਾ ਹੋਣ ਕਾਰਨ ਇਹ ਹਾਦਸੇ ਵੱਧ ਰਹੇ ਹਨ। ਜੇਕਰ ਲਾਇਸੈਂਸ ਲੈਣ ਤੋਂ ਪਹਿਲਾਂ ਲਿਖਤੀ ਟੈਸਟ ਹੋਵੇ ਤਾਂ ਅਜਿਹੇ ਹਾਦਸੇ ਰੋਕੇ ਜਾ ਸਕਦੇ ਹਨ। ਮਾਲਵਾ ਸਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸ੍ਰੀ ਕੇ. ਕੇ. ਬਾਵਾ ਅਤੇ ਪ੍ਰਧਾਨ ਸ੍ਰੀ ਪਵਨ ਦੀਵਾਨ ਨੇ ਪਿਛਲੇ 18 ਵਰ੍ਹਿਆਂ ਤੋਂ ਲਗਾਏ ਜਾ ਰਹੇ ਲੜਕੀਆਂ ਦੇ ਲੋਹੜੀ ਮੇਲੇ ਸੰਬੰਧੀ ਦਸਿਆ ਕਿ ਇਸ ਦਾ ਉਦੇਸ਼ ਕੇਵਲ ਇਕੋ ਹੀ ਹੈ ਕਿ ਸਮਾਜ ਅੰਦਰੋਂ ਲੜਕੇ ਅਤੇ ਲੜਕੀ ਦੇ ਜਨਮ ਵਿਚਾਲੇ ਸਮਝੇ ਜਾਂਦੇ ਅੰਤਰ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਸਮਾਜ ਦੇ ਹਰ ਖੇਤਰ ਵਿਚ ਲੜਕਿਆਂ ਨਾਲੋਂ ਅੱਗੇ ਹਨ। ਉਨ੍ਹਾਂ ਦਸਿਆ ਕਿ 11 ਜਨਵਰੀ ਨੂੰ ਜਿੱਥੇ ਵੱਖ ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉਥੇ ਲੋਹੜੀ ਮੇਲੇ 'ਤੇ ਜਲੰਧਰ ਦੂਰਦਰਸ਼ਨ ਦੀ ਸੀਨੀਅਰ ਰਿਪੋਰਟਰ ਸ੍ਰੀਮਤੀ ਊਸ਼ਾ ਪਵਾਰ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ।
ਇਸ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤਿਆਂ ਰਾਹੀਂ ਭਰੂਣ ਹੱਤਿਆ ਨੂੰ ਕਤਲ ਕੇਸ ਦੇ ਬਰਾਬਰ ਗਿਣ ਕੇ ਦੋਸ਼ੀ ਮਾਪਿਆਂ ਅਤੇ ਡਾਕਟਰ ਦੇ ਖ਼ਿਲਫ਼ ਕੇਸ ਦਰਜ ਕੀਤਾ ਜਾਵੇ, ਭਰੂਣ ਹੱਤਿਆ ਦੇ ਖ਼ਿਲਾਫ਼ ਚੇਤਨਾ ਲਹਿਰ ਪਸਾਰਨ ਲਈ ਪਾਠ ਪੁਸਤਕਾਂ ਵਿਚ ਵਿਸ਼ਾ ਸ਼ਾਮਲ ਕੀਤਾ ਜਾਵੇ, ਸੜਕ ਸੁਰੱਖਿਆ ਲਈ ਲਾਇਸੈਂਸ ਵਿਧੀ ਨੂੰ ਲੀਹਾਂ 'ਤੇ ਚਲਾਇਆ ਜਾਵੇ। ਕੋਤਾਹੀ ਕਰਨ ਵਾਲਿਆਂ ਨੂੰ ਪੰਜ ਗਲਤੀਆਂ ਕਰਨ ਉਪਰੰਤ ਲਾਇਸੈਂਸ ਰੱਦ ਕੀਤਾ ਜਾਵੇ, ਸ਼ਰਾਬੀ ਹਾਲਤ ਵਿਚ ਵਹੀਕਲ ਚਲਾਉਣ ਵਾਲਿਆਂ ਦੇ ਲਾਇਸੈਂਸ ਰੱਦ ਕਰਕ ਆਜੀਵਨ ਪਾਬੰਦੀ ਲਗਾਈ ਜਾਵੇ, ਸੜਕ ਸੁਰੱਖਿਆ ਯਕੀਨੀ ਬਣਾਉਣ ਲਈ ਇੰਜਨੀਅਰਿੰਗ, ਸਹੀ ਚੇਤਨਾ ਅਤੇ ਸਹੀ ਸਰਵੇਖਣ ਲਈ ਸਰਕਾਰ ਮਜਬੂਤ ਢਾਂਚਾ ਤਿਆਰ ਕਰੇ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੌਮੀ ਨਸ਼ਾ ਵਿਰੋਧੀ ਏਜੰਸੀਆਂ ਨਾਲ ਤਾਲਮੇਲ ਕੀਤਾ ਜਾਵੇ ਅਤੇ ਨਸ਼ਾ ਵਿਰੋਧੀ ਚੇਤਨਾ ਪ੍ਰਚੰਡ ਕਰਨ ਲਈ ਵਿੱਦਿਅਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਵਿਸ਼ੇਸ਼ ਤੌਰ 'ਤੇ ਉਤਸ਼ਾਹਿਤ ਕੀਤਾ ਜਾਵੇ ਦੀ ਮੰਗ ਕੀਤੀ ਗਈ।
ਇਸ ਮੌਕੇ ਕੁਲਵਿੰਦਰ ਕੌਰ ਕਿਰਨ,ਪਰਮਜੀਤ ਕੌਰ ਮਹਿਕ, ਗੁਰਵਿੰਦਰ ਸਿੰਘ, ਰਵਿੰਦਰ ਦੀਵਾਨਾ, ਹਰਦੇਵ ਸਿੰਘ ਕਲਸੀ ਨੇ ਭਰੂਣ ਹੱਤਿਆ ਨਾਲ ਸੰਬੰਧਿਤ ਗੀਤ, ਕਵਿਤਾਵਾਂ ਪੇਸ਼ ਕੀਤੀਆਂ। ਇਸ ਦੌਰਾਨ ਉਜਾਗਰ ਸਿੰਘ ਕੰਵਲ, ਸ. ਜਗਦੇਵ ਸਿੰਘ ਜੱਸੋਵਾਲ, ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ. ਪ੍ਰਗਟ ਸਿੰਘ ਗਰੇਵਾਲ, ਸ੍ਰੀ ਐਨ. ਐਸ. ਨੰਦਾ, ਬਲਵੰਤ ਸਿੰਘ ਧਨੋਆ, ਅਰਵਿੰਦਰ ਕੋਸ਼ਿਕ ਹੈਪੀ, ਰੇਸ਼ਮ ਸਿੰਘ ਸੱਗੂ, ਬਲਜਿੰਦਰ ਸਿੰਘ ਹੂੰਝਣ, ਪ੍ਰਿੰ. ਪ੍ਰੇਮ ਸਿੰਘ ਬਜਾਜ,  ਟੀ. ਐਸ. ਬਖਸ਼ੀ, ਗੁਰਵਿੰਦਰ ਸਿੰਘ, ਪ੍ਰਿੰ. ਹ.ਸ. ਚਾਵਲਾ, ਸੁਰਿੰਦਰ ਕੌਰ, ਮੁਖਤਿਆਰ ਸਿੰਘ, ਬੁੱਧ ਸਿੰਘ ਨੀਲੋਂ, ਅਜਮੇਰ ਸਿੰਘ, ਨਿਰਮਲ ਕੈੜਾ, ਅਕਸ਼ੇ ਭਨੋੜ, ਹਰਚੰਦ ਸਿੰਘ ਧੀਰ ਆਦਿ ਹਾਜ਼ਰ ਸਨ।  

Monday, January 6, 2014

ਦੋਹਾਂ ਕਮਿਊਨਿਸਟ ਪਾਰਟੀਆਂ ਨੇ ਤੇਜ਼ ਕੀਤਾ ਲੋਕ ਹੱਕਾਂ ਲਈ ਸੰਘਰਸ਼

Mon, Jan 6, 2014 at 4:30 PM
ਲੁਧਿਆਣਾ ਵਿੱਚ ਥਾਣਾ ਹੈਬੋਵਾਲ ਸਾਹਮਣੇ ਦਿੱਤਾ ਰੋਹ ਭਰਿਆ ਧਰਨਾ
ਲੁਧਿਆਣਾ 6 ਜਨਵਰੀ 2014: (ਰਵੀ ਨੰਦਾ//ਜਨਤਾ ਸਕਰੀਨ):
ਅੱਜ ਭਾਰਤੀ ਕਮਿਉਨਿਸਟ ਪਾਰਟੀ ਅਤੇ ਸੀ ਪੀ ਐਮ ਵਲੋਂ ਰਿਸ਼ੀ ਨਗਰ ਵਾਈ ਬਲਾਕ ਵਿਖੇ ਪ੍ਰਾਪਰਟੀ ਟੈਕਸ ਅਤੇ ਵਧਦੀ ਮਹਿੰਗਾਈ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਸਰਕਾਰਾਂ ਉੱਚ ਧਨੀ ਵਰਗ ਦੇ ਨਾਲ ਰਲ ਕੇ ਆਮ ਲੋਕਾਂ ਨੂੰ ਲੁੱਟ ਰਹੀਆਂ ਹਨ। ਇਸ ਮੁਜ਼ਾਹਰੇ ਦੀ ਅਗਵਾਈ ਕਾ ਗੁਰਨਾਮ ਸਿੱਧੂ ਅਤੇ ਕਾ ਮਨਜੀਤ ਸਿੰਘ ਬੂਟਾ ਨੇ ਕੀਤੀ ਜਿਹਨਾਂ ਕਿਹਾ ਕਿ ਗਰੀਬ ਲੋਕਾਂ ਤੇ ਤਾਂ ਪ੍ਰਾਪਰਟੀ ਟੇਕਸ ਲਾਇਆ ਜਾ ਰਿਹਾ ਹੈ ਜਦੋਂ ਕਿ ਮੁਹਾਲੀ ਵਿੱਚ ਸੰਮੇਲਨ ਕਰ ਕੇ ਅੰਬਾਨੀਆਂ ਤੇ ਹੋਰ ਧਨੀ ਕਾਰਪੋਰੇਟ ਦੇ ਨਾਲ ਮਿਲੀ ਭੁਗਤ ਕਰ ਕੇ ਵਿਕਾਸ ਦਾ ਬਹਾਨਾ ਕਰ ਕੇ ਉਹਨਾਂ ਨੂੰ ਪ੍ਰਾਪਰਟੀ ਟੈਕਸ ਤੇ ਛੋਟ ਦੇ ਰਹੀ ਹੈ। ਉਹਨਾਂ ਨੇ ਇਹ ਟੈਕਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਇਸ ਉਪਰੰਤ ਸੰਤ ਵਿਹਾਰ ਦੇ ਮਸਲੇ ਬਾਬਤ ਹੈਬੋਵਾਲ ਥਾਣੇ ਦਾ ਘੇਰਾਓ ਕੀਤਾ। ਇਹ ਸੰਤ ਵਿਹਾਰ ਦੇ ਵਾਸੀ ਸਿੱਧਰਥ ਧਵਨ ਦੇ ਘਰ ਆ ਕੇ ਚਾਰ ਮਹੀਨੇ ਪਹਿਲਾਂ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਜਿਹਨਾਂ ਤੇ ਕਿ ਧਾਰਾ 452, 323, 506 ਤੇ 427 ਲੱਗ ਚੁੱਕੀਆਂ ਹਨ ਪਰ ਪੁਲਿਸ ਕੋਈ ਕਾਰਵਾਹੀ ਨਹੀਂ ਕਰ ਰਹੀ ਹੈ ਜਦੋਂ ਕਿ ਇੱਕ ਇਨਕੁਆਇਰੀ ਡੀ ਐਸ ਪੀ ਸਦਰ ਗਿੱਲ ਦੁਆਰਾ 11 ਨਵੰਬਰ 2013 ਨੂੰ ਪੀੜਿਤ ਦੇ ਹੱਕ ਵਿੱਚ ਪੂਰੀ ਕਰ ਲਈ ਗਈ ਸੀ ਅਤੇ ਇਸ ਵਿੱਚ ਦੂਜੀ ਧਿਰ ਪੂਰੀ ਤਰਾਂ ਦੋਸ਼ੀ ਪਾਈ ਗਈ ਤੇ ਸਾਰੇ ਦੇ ਸਾਰੇ ਦੋਸ਼ ਸਾਬਤ ਹੋਏ ਜੋ ਕਿ ਇਨਕੁਆਇਰੀ ਬਿਲਕੁਲ ਨਿਰਪੱਖ ਸੀ। ਇਸਦੇ ਬਾਵਜੂਦ ਪੁਲਿਸ ਨੇ ਸਿਆਸੀ ਦਬਾਵ ਥੱਲੇ ਆ ਕੇ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ। ਮੁੱਦਈ ਧਿਰ ਹਰ ਰੋਜ਼ ਪਰੇਸ਼ਾਨ ਹੋ ਕੇ ਥਾਣੇ ਦਾ ਚੱਕਰ ਲਾਂਦੀ ਰਹੀ ਪਰ ਪੁਲਿਸ ਲਾਰੇ ਲਾਂਦੀ ਰਹੀ। ਇਸ ਲਈ ਸੀ ਪੀ ਆਈ ਤੇ ਸੀ ਪੀ ਐਮ ਦੇ ਲੀਡਰਾਂ ਨੇ ਲਗਾਤਾਰ ਸਬੰਧਤ ਅਫ਼ਸਰਾਂ ਨਾਲ ਰਾਬਤਾ ਬਣਾ ਕੇ ਰਖਿੱਆ ਤੇ ਇੱਕ ਡੇਪੂਟੇਸ਼ਲ ਜਿਸ ਵਿੱਚ ਸੀ ਪੀ ਐਮ ਦੇ ਸੂਬਾ ਕਮੇਟੀ ਮੈਂਬਰ ਕਾ ਸੁਖਮਿੰਦਰ ਸੇਖੋਂ ਤੇ ਸੀ ਪੀ ਆਈ ਦੇ ਜ਼ਿਲਾ ਐਗਜ਼ੈਕਟਿਵ ਮੈਂਬਰ ਕਾ ਗੁਰਨਾਮ ਸਿੱਧੂ ਸਨ ਐਸ ਪੀ 3 ਜੋਗਿੰਦਰ ਸਿੰਘ ਨੂੰ ਵੀ ਮਿਲਿਆ ਸੀ ਪਰ ਫ਼ੇਰ ਵੀ ਕੱਈ ਕਾਰਵਾਈ ਨਹੀਂ ਹੋਈ। ਇਸ ਲਈ ਅੱਜ ਥਾਣੇ ਦਾ ਘੇਰਾਓ ਕੀਤਾ ਗਿਆ। ਧਰਨੇ ਉਪਰੰਤ ਐਸ ਐਚ ਓ ਅਮਰਜੀਤ ਸਿੰਘ ਨੇ ਵੀਰਵਾਰ ਤੱਕ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਦਾ ਭਰੋਸਾ ਦਿਵਾਇਆ। 

LPG: ਕੀਮਤਾਂ’ਚ ਵਾਧਾ ਆਮ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰੇਗਾ

Sun, Jan 5, 2014 at 1:01 PM
MCPI  (ਯੂਨਾਈਟਡ) ਨੇ ਕੀਤੀ ਨਗਦ ਸਬਸਿਡੀ ਦੀ ਮੰਗ 
ਦੋਰਾਹਾ: 5 ਜਨਵਰੀ 2014: (ਕਾਮਰੇਡ ਸਕਰੀਨ ਬਿਊਰੋ):
ਮਾਰਕਸਿਸਟ ਕਮਿਉਨਿਸਟ ਪਾਰਟੀ ਆਫ ਇੰਡਿਆ (ਯੂਨਾਈਟਡ) ਨੇ ਇੱਕ ਬਿਆਨ ਰਾਂਹੀ ਦੇਸ਼ ਦੀਆਂ ਇਜ਼ਾਰੇਦਾਰ ਤੇਲ ਕੰਪਨੀਆਂ ਵਲੋਂ ਘਰੇਲੂ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਅਣਉਚਿਤ ਵਾਧੇ ਦਾ ਤਿੱਖਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਵਾਧੇ ਨਾਲ ਆਮ ਲੋਕਾਂ ਉਤੇ ਭਾਰੀ ਆਰਥਕ ਬੋਜ ਪਵੇਗਾ ਜਦੋਂ ਕਿ ਦੇਸ਼ ਦੀ 80% ਅਬਾਦੀ ਗਰੀਬੀ ਦੀ ਮਾਰ ਹੇਠ ਹੈ। ਕੀਮਤਾਂ’ਚ ਵਾਧਾ ਆਮ ਲੋਕਾਂ ਖਾਸ ਕਰਕੇ ਮਜਦੂਰ ਵਰਗ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰੇਗਾ ਅਤੇ ਦੇਸ਼ ਦੀ ਆਰਥਕਤਾ ਉਤੇ ਹੋਰ ਭੈੜਾ ਅਸਰ ਪਾਵੇਗਾ।ਐਮ ਸੀ ਪੀ ਆਈ(ਯੂ) ਇਨ੍ਹਾਂ ਵਸਤੂਆਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਅਤੇ ਗੈਸ, ਪੈਟਰੋਲ ਅਤੇ ਡੀਜ਼ਲ ਦੇ ਡੀ-ਕੰਟਰੋਲ ਦੀ ਨੀਤੀ ਨੂੰ ਵਾਪਸ ਲਿਆ ਜਾਵੇ ਅਤੇ ਖਪਤਕਾਰਾਂ ਨੂੰ ਇਹ ਸਬਸਿਡੀ ਦੀ ਦਰ ਉਪਰ ਦਿੱਤੀਆਂ ਜਾਣ।
ਐਮ ਸੀ ਪੀ ਆਈ(ਯੂ) ਨੇ ਇਹ ਭੀ ਮੰਗ ਕੀਤੀ ਹੈ ਕਿ ਮਾਨਜੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਅਧਾਰ ਕਾਰਡ ਨੂੰ ਸਬਸਿਡੀ ਪ੍ਰਾਪਤ ਕਰਨ ਲਈ ਲਾਜ਼ਮੀ ਨਾਂ ਕੀਤਾ ਜਾਵੇ, ਦੂਸਰੇ ਸਬਸਿਡੀ ਦੀ ਅਦਾਇਗੀ ਨਗਦ ਕੀਤੀ ਜਾਵੇ ਕਿਉਂਕਿ ਬੈਂਕ ਰਾਂਹੀ ਦਿੱਤੀ ਜਾਂਦੀ ਸਬਸਿਡੀ ਕਾਰਨ ਖਪਤਕਾਰ ਨੂੰ ਪ੍ਰਤੀ ਘਰੇਲੂ ਗੈਸ ਸਿਲੰਡਰ ਉਪਰ 30 ਤੋਂ 40 ਰੁਪਏ ਵੈਟ ਦੇ ਰੂਪ ਵਿੱਚ ਜਿਆਦਾ ਦੇਣੇ ਪੈ ਰਹੇ ਹਨ ਅਤੇ ਇੱਕ ਦਿਹਾੜੀਦਾਰ ਪਹਿਲਾਂ 1300 ਰੁਪਏ ਤੋਂ ਉਪਰ ਇੱਕ ਸਿਲੰਡਰ ਲੈਣ ਲਈ ਇੱਕਠੇ ਕਰੇਗਾ ਅਤੇ ਫਿਰ ਬੈਂਕ ਤੋਂ ਸਬਸਿਡੀ ਦਾ ਪਤਾ ਕਰਨ ਤੇ ਲੈਣ ਲਈ ਆਪਣੀ ਇੱਕ ਦਿਹਾੜੀ ਬਰਬਾਦ ਕਰੇਗਾ। ਐਮ ਸੀ ਪੀ ਆਈ(ਯੂ) ਨੇ ਇਹ ਭੀ ਮੰਗ ਕੀਤੀ ਹੈ ਸੰਬਧਤ ਸਰਕਾਰਾਂ ਘਰੇਲੂ ਗੈਸ, ਪੈਟਰੋਲ ਅਤੇ ਡੀਜ਼ਲ ਨੂੰ ਵੈਟ ਤੋਂ ਪੂਰੀ ਤਰ੍ਹਾਂ ਮੁੱਕਤ ਕਰਨ। 

ਨਗਰ ਨਿਗਮ ਜਲਦੀ ਤੋਂ ਜਲਦੀ ਸੜਕ ਬਣਾਵੇ ਨ ਕਿ ਝੂਠੇ ਵਾਅਦੇ ਕਰੇ

Sun, Jan 5, 2014 at 7:42 PM
ਜਵਾਲਾ ਸਿੰਘ ਨਗਰ ਅਤੇ ਨੇੜਲੀਆਂ ਕਲੋਨੀਆਂ ਦੇ ਵਾਸੀਆਂ ਵਲੋਂ ਰੋਸ ਵਖਾਵਾ
ਲੁਧਿਆਣਾ, 5 ਜਨਵਰੀ 2014: (ਸਤਪਾਲ ਸੋਨੀ//ਜਨਤਾ ਸਕਰੀਨ):
ਅੱਜ ਜਵਾਲਾ ਸਿੰਘ ਨਗਰ ਅਤੇ ਇਸ ਦੇ   ਨਾਲ  ਲਗਦੀਆਂ ਕਲੋਨੀਆਂ ਦੇ ਵਾਸੀਆਂ ਵਲੋਂ ਇਕ ਰੋਸ ਮੁਜਾਹਰਾ ਕੀਤਾ ਗਿਆ ਜਿਸ ਵਿੱਚ ਨਗਰ ਨਿਗਮ ਖਿਲਾਫ ਜੰਮਕੇ ਨਾਅਰੇਬਾਜ਼ੀ  ਕੀਤੀ ਗਈ । ਜਵਾਲਾ ਸਿੰਘ ਨਗਰ ਦੇ ਵਸਨੀਕ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦਰ ਸਿੰਘ ਸਚਦੇਵਾ ਨੇ ਦਸਿਆ ਕਿ ਉਹ ਪਿੱਛਲੇ 2 ਸਾਲਾਂ ਤੋਂ ਇਲਾਕਾ ਕੌਂਸਲਰ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਮਿੱਲਕੇ ਜਵਾਲਾ ਸਿੰਘ ਚੌਂਕ ਤੋਂ ਤਰਸੇਮ ਚੈਰੀਟੇਬਲ ਹਸਪਤਾਲ ਤਕ ਦੀ ਸੜਕ ਬਣਾਉਣ ਦੀ ਮੰਗ ਨੂੰ ਲੈਕੇ ਚੱਕਰ ਕੱਟ ਰਹੇ ਹਨ। ਰਵਿੰਦਰ ਸਿੰਘ ਸਚਦੇਵਾ ਨੇ ਦਸਿਆ ਕਿ ਜਵਾਲਾ ਸਿੰਘ ਚੌਂਕ ਤੋਂ ਤਰਸੇਮ ਚੈਰੀਟੇਬਲ ਹਸਪਤਾਲ ਤਕ ਦੀ ਸੜਕ ਬਣਾਉਣ ਦਾ ਉਦਘਾਟਨ 19-09-2005 ਨੂੰ ਇਲਾਕਾ ਕੌਂਸਲਰ ਬੀਬੀ ਅਮਰਜੀਤ ਕੌਰ ਅਤੇ ਹਲਕਾ ਵਿਧਾਇਕ ਮਲਕੀਤ ਸਿੰਘ ਦਾਖਾ ਵਲੋਂ ਕੀਤਾ ਗਿਆ ਸੀ ਪਰੰਤੂ ਅੱਜ ਤਕ ਇਹ ਸੜਕ ਨਹੀਂ ਬਣੀ । ਇਹ ਸੜਕ ਪ੍ਰੇਮ ਵਿਹਾਰ,ਬਾਵਾ ਕਲੋਨੀ,ਕੁੰਜ ਵਿਹਾਰ, ਹਰੀ ਸਿੰਘ ਨਗਰ ਅਤੇ ਨਿਊ ਬਾਵਾ ਕਲੋਨੀ ਨੂੰ ਆਪਸ ਵਿੱਚ ਜੋੜਦੀ ਹੈ ।ਇਸ ਸੜਕ ਤੇ ਇਕ ਹਸਪਤਾਲ ਹੈ ਜਿਸ ਤਕ ਮਰੀਜ਼ਾਂ ਨੂੰ ਪਹੁੰਚਣ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਨਗਰ ਨਿਗਮ ਵਲੋਂ 2600’ ਸੀਵਰੇਜ਼ ਪਾਈਪ ਵਿਛਾਉਣ ਤੋਂ ਬਾਦ ਸੜਕ ਦੀ ਹਾਲਤ ਬਹੁਤ ਜਿਆਦਾ ਤਰਸਯੋਗ ਹੋ ਗਈ ਹੈ । ਇਸ ਲਈ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ  ਨਗਰ ਨਿਗਮ ਜਲਦੀ ਤੋਂ ਜਲਦੀ ਸੜਕ ਬਣਾਵੇ ਨ ਕਿ ਝੂਠੇ ਵਾਅਦੇ ਕਰੇ ।

ਵਾਰਡ ਨੰ: 26 ਦੀ ਕੌਂਸਲਰ ਸ਼੍ਰੀਮਤੀ ਕਸ਼ਮੀਰ ਕੌਰ ਦੇ  ਪਤੀ ਅਸ਼ੋਕ ਕੁਮਾਰ ਨਾਲ ਸੰਪਰਕ ਕਰਨ ‘ਤੇ ਉਨਾਂ੍ਹ ਦਸਿਆ ਕਿ ਜਵਾਲਾ ਸਿੰਘ ਚੌਂਕ ਤੋਂ ਤਰਸੇਮ ਚੈਰੀਟੇਬਲ ਹਸਪਤਾਲ ਤਕ ਦੀ ਸੜਕ ਬਣਾਉਣ ਦਾ 38 ਲੱਖ ਦਾ ਟੈਂਡਰ ਪਾਸ ਹੋ ਚੁਕਿਆ ਹੈ ਅਤੇ ਜਲਦੀ ਹੀ ਇਸ ਤੇ ਕੰਮ ਸ਼ੁਰੂ ਹੋ ਜਾਵੇਗਾ ।

ਇਸ ਮੌਕੇ ਰਵਿੰਦਰ ਸਿੰਘ ਸਚਦੇਵਾ, ਤਰੁਣ ਗਰਗ,ਜਗਦੀਸ਼ ਕਪੂਰ, ਅਜੈ ਖੁੱਲਰ, ਸਾਹਿਲ ਅਰੋੜਾ, ਸਾਈਂ ਸੰਜੀਵ ਗੁਲਾਮ, ਸਾਬਕਾ ਸਰਪੰਚ ਹਰਦੇਵ ਸਿੰਘ ਗਰੇਵਾਲ ,ਪੰਕਜ ਸੇਠੀ,ਚਰਨਜੀਤ ਸਿੰਘ ਗਰੇਵਾਲ,ਕੇਵਲ ਕ੍ਰਿਸ਼ਨ ਖਰਬੰਦਾ,ਡਾ: ਸਤੀਸ਼ ਸ਼ਰਮਾ, ਰਜਿੰਦਰ ਸਿੰਘ, ਸੁੱਖਰਾਜ ਸਿੰਘ ਸਿਬੱਲ,ਸਤੀਸ਼ ਖਰਬੰਦਾ , ਠੇਕੇਦਾਰ ਮਨਜੀਤ ਸਿੰਘ ਆਦਿ ਹਾਜਿਰ ਸਨ ।

Friday, January 3, 2014

ਦੇਸ਼ ਦੇ ਹਾਕਮ ਤੇਜੀ ਨਾਲ ਵਿਦੇਸ਼ੀ ਹੱਥਾਂ ਵਿਚ ਜਾ ਰਹੇ ਹਨ

Fri, Jan 3, 2014 at 7:06 PM
ਅਰਵਿੰਦ ਕੇਜਰੀਵਾਲ ਦੀ ਕਿਤਾਬ 'ਸਵਰਾਜ' ਦਾ ਮੁੱਖ ਬੰਦ      ਅਰਵਿੰਦ ਕੇਜਰੀਵਾਲ
                                                                                                      ਅਨੁਵਾਦ - ਕੇਹਰ ਸ਼ਰੀਫ਼
“ਸਾਡੇ ਦੇਸ਼ ਦੀਆਂ  ਖਾਣਾਂ  ਨੂੰ  ਕੌਡੀਆਂ  ਦੇ ਭਾਅ  ਇਨ੍ਹਾਂ  ਉਦਯੋਗਿਕ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ। ਜਿਵੇਂ ਕੱਚੇ ਲੋਹੇ  (iron ore) ਦੀਆਂ  ਖਾਣਾਂ  ਲੈਣ ਵਾਲੀਆਂ ਕੰਪਨੀਆਂ ਸਰਕਾਰ ਨੂੰ  ਸਿਰਫ 27 ਰੁਪਏ  ਪ੍ਰਤੀ ਟੰਨ ਦੇ  ਹਿਸਾਬ ਨਾਲ ਰਾਇਲਟੀ ਤਾਰਦੀਆਂ ਹਨ।  ਉਸੇ ਕੱਚੇ  ਲੋਹੇ  ਨੂੰ ਇਹ  ਕੰਪਨੀਆਂ  ਖੁੱਲੀ ਮੰਡੀ  ਵਿਚ 6000 ਰੁਪਏ ਪ੍ਰਤੀ  ਟੰਨ ਦੇ  ਭਾਅ ਵੇਚਦੀਆਂ  ਹਨ। (ਖਾਣ  ਵਿਚੋਂ ਲੋਹਾ ਕੱਢਕੇ ਉਸਦੀ ਸਫਾਈ ਆਦਿ ਕਰਨ ਵਿਚ  ਲੱਗਭਗ 300 ਰੁਪਏ ਪ੍ਰਤੀ ਟੰਨ ਖਰਚ  ਆਉਂਦਾ ਹੈ) ਕੀ ਇਹ ਸਿੱਧੇ ਸਿੱਧੇ ਦੇਸ਼ ਦੀ ਜਾਇਦਾਦ ਦੀ ਲੁੱਟ ਨਹੀਂ ਹੈ?``
ਅਨੁਵਾਦ:ਕੇਹਰ ਸ਼ਰੀਫ਼ 
ਲੇਖਕ:ਕੇਜਰੀਵਾਲ 
ਪਹਿਲਾਂ ਮੈਂ ਆਮਦਨ ਟੈਕਸ ਵਿਭਾਗ ਵਿਚ ਕੰਮ ਕਰਦਾ ਸੀ। 90 ਵਾਲੇ ਦਹਾਕੇ ਦੇ ਅੰਤ 'ਤੇ ਆਮਦਨ ਟੈਕਸ ਵਿਭਾਗ ਨੇ ਕਈ ਬਹੁਕੌਮੀ ਕੰਪਨੀਆਂ ਦਾ ਸਰਵੇਖਣ ਕੀਤਾ। ਸਰਵੇਖਣ ਵਿਚ ਇਹ ਕੰਪਨੀਆਂ  ਰੰਗੇ ਹੱਥੀਂ ਟੈਕਸ ਚੋਰੀ ਕਰਦੀਆਂ ਫੜੀਆਂ ਗਈਆਂ, ਉਨ੍ਹਾਂ ਨੇ ਸਿੱਧਾ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਬਿਨਾ ਕੋਈ ਅਪੀਲ ਕੀਤੇ ਸਾਰਾ ਟੈਕਸ ਜਮਾਂ ਕਰਵਾ ਦਿੱਤਾ। ਇਹ ਲੋਕ ਜੇ ਕਿਸੇ ਹੋਰ ਦੇਸ਼ ਵਿਚ ਹੁੰਦੇ ਤਾਂ ਹੁਣ ਤੱਕ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੂੰ ਕੈਦ ਹੋ ਗਈ ਹੁੰਦੀ। ਸਰਵੇਖਣ ਦੇ ਦੌਰਾਨ ਅਜਿਹੀ ਹੀ ਇਕ ਕੰਪਨੀ ਦੇ ਵਿਦੇਸ਼ੀ ਮੁਖੀ ਨੇ ਆਮਦਨ ਟੈਕਸ ਵਾਲੀ ਟੀਮ ਨੂੰ ਧਮਕੀ ਦਿੱਤੀ “ਭਾਰਤ ਇਕ ਬਹੁਤ ਗਰੀਬ ਦੇਸ਼ ਹੈ, ਅਸੀਂ ਤੁਹਾਡੇ ਦੇਸ਼ ਵਿਚ ਤੁਹਾਡੀ ਮੱਦਦ ਕਰਨ ਆਏ ਹਾਂ, ਜੇ ਤੁਸੀਂ ਸਾਨੂੰ ਇਸ ਤਰ੍ਹਾਂ  ਤੰਗ ਕਰੋਗੇ ਤਾਂ ਅਸੀਂ ਤੁਹਾਡਾ ਦੇਸ਼ ਛੱਡਕੇ ਚਲੇ ਜਾਵਾਂਗੇ। ਤੁਹਾਨੂੰ ਪਤਾ ਨਹੀਂ ਅਸੀਂ ਕਿੰਨੇ ਤਾਕਤਵਰ ਹਾਂ। ਅਸੀਂ ਚਾਹੀਏ ਤਾਂ ਤੁਹਾਡੀ ਸੰਸਦ (ਪਾਰਲੀਮੈਂਟ) ਤੋਂ ਕੋਈ ਵੀ ਕਾਨੂੰਨ ਪਾਸ ਕਰਵਾ ਸਕਦੇ ਹਾਂ। ਅਸੀਂ ਤੁਹਾਡੇ ਵਰਗਿਆਂ ਦੀ ਬਦਲੀ ਵੀ ਕਰਵਾ ਸਕਦੇ ਹਾਂ।`` ਇਸ ਤੋਂ ਕੁੱਝ ਦਿਨ ਬਾਅਦ ਸਾਡੀ ਟੀਮ ਦੇ ਇਕ ਉੱਚ ਅਧਿਕਾਰੀ ਦੀ ਬਦਲੀ ਕਰ ਦਿੱਤੀ ਗਈ।

ਉਸ ਸਮੇਂ ਉਸ ਵਿਦੇਸ਼ੀ ਦੀਆਂ ਗੱਲਾਂ 'ਤੇ ਮੈਂ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਮੈਂ ਸੋਚਿਆ ਕਿ ਸ਼ਾਇਦ ਉਹ ਆਮਦਨ ਟੈਕਸ ਵਾਲੇ ਸਰਵੇਖਣ ਤੋਂ ਪਰੇਸ਼ਾਨ ਹੋ ਕੇ ਬੋਲ ਰਿਹਾ ਸੀ। ਪਰ ਪਿਛਲੇ ਕੁੱਝ ਸਾਲਾਂ ਦੀਆਂ ਘਟਨਾਵਾਂ ਤੋਂ ਮੈਨੂੰ ਹੌਲੀ ਹੌਲੀ ਉਸ ਦੀਆਂ ਗੱਲਾਂ ਵਿਚ ਸੱਚਾਈ ਨਜ਼ਰ ਆਉਣ ਲੱਗੀ। ਮਨ ਵਿਚ ਸਵਾਲ ਪੈਦਾ ਹੋਣ ਲੱਗੇ ਹਨ “ਕੀ ਸੱਚ-ਮੁੱਚ ਇਨ੍ਹਾਂ ਵਿਦੇਸ਼ੀਆਂ ਦਾ ਸਾਡੀ ਸੰਸਦ ਉੱਤੇ ਇੰਨਾ ਕੰਟਰੋਲ ਹੈ?``
ਜਿਵੇਂ ਜੁਲਾਈ 2008 ਵਿਚ ਯੂ ਪੀ ਏ ਸਰਕਾਰ ਨੇ ਸੰਸਦ ਵਿਚ ਆਪਣਾ ਬਹੁਮੱਤ ਸਾਬਤ ਕਰਨਾ ਸੀ। ਖੁੱਲੇਆਮ ਪਾਰਲੀਮੈਂਟ ਮੈਂਬਰਾਂ ਨੂੰ ਖਰੀਦਿਆ ਜਾ ਰਿਹਾ ਸੀ। ਕੁੱਝ ਟੀ ਵੀ ਚੈਨਲਾਂ ਨੇ ਪਾਰਲੀਮੈਂਟ ਮੈਬਰਾਂ ਨੂੰ ਸ਼ਰੇਆਮ ਵਿਕਦੇ ਵਿਖਾਇਆ। ਉਨ੍ਹਾਂ ਤਸਵੀਰਾਂ ਨੇ ਇਸ ਦੇਸ਼ ਦੀ ਆਤਮਾ ਨੂੰ ਹਿਲਾ ਦਿੱਤਾ। ਜੇ ਪਾਰਲੀਮੈਂਟ ਮੈਂਬਰ ਇਸ ਤਰ੍ਹਾਂ ਵਿਕ ਸਕਦੇ ਹਨ ਤਾਂ ਸਾਡੀ ਵੋਟ ਦੀ ਕੀ ਕੀਮਤ ਰਹਿ ਜਾਂਦੀ ਹੈ? ਦੂਜੇ, ਅੱਜ ਉਨ੍ਹਾਂ ਨੂੰ ਆਪਣੀ ਸਰਕਾਰ ਬਚਾਉਣ ਵਾਸਤੇ ਇਸ ਦੇਸ਼ ਦੀ ਇਕ ਪਾਰਟੀ ਖਰੀਦ ਰਹੀ ਹੈ। ਕੱਲ੍ਹ ਨੂੰ ਉਨ੍ਹਾਂ ਨੂੰ ਕੋਈ ਹੋਰ ਦੇਸ਼ ਵੀ ਖਰੀਦ ਸਕਦਾ ਹੈ। ਜਿਵੇਂ ਅਮਰੀਕਾ, ਪਾਕਿਸਤਾਨ ਆਦਿ। ਹੋ ਸਕਦਾ ਹੈ ਅਜਿਹਾ ਹੋ ਵੀ ਰਿਹਾ ਹੋਵੇ, ਕਿਸਨੂੰ ਪਤਾ ਹੈ? ਇਹ ਸੋਚ ਕੇ ਪੂਰੇ ਸ਼ਰੀਰ ਵਿਚ ਕੰਬਣੀ ਦੌੜਨ ਲੱਗੀ - “ਕੀ ਅਸੀਂ ਇਕ ਆਜਾਦ ਦੇਸ਼ ਦੇ ਨਾਗਰਿਕ ਹਾਂ ? ਕੀ ਸਾਡੇ ਦੇਸ਼ ਦੀ ਪਾਰਲੀਮੈਂਟ ਸਾਰੇ ਕਾਨੂੰਨ ਇਸ ਦੇਸ਼ ਦੇ ਲੋਕਾਂ ਦੇ ਹਿਤ ਵਿਚ ਹੀ ਬਣਾਉਂਦੀ ਹੈ?``

ਅਜੇ ਕੁੱਝ ਦਿਨ ਪਹਿਲਾਂ ਜਦੋਂ ਪਾਰਲੀਮੈਂਟ ਵਿਚ ਪੇਸ਼ ਹੋਏ ਨਿਊਕਲੀਅਰ ਸਿਵਲ ਲਾਇਬਿਲਟੀ ਬਿੱਲ ਦੇ ਬਾਰੇ ਅਖਬਾਰਾਂ ਵਿਚ ਪੜ੍ਹਿਆ ਤਾਂ ਸਾਰੇ ਡਰ ਸੱਚ ਸਾਬਤ ਹੁੰਦੇ ਨਜ਼ਰ ਆਉਣ ਲੱਗੇ। ਇਹ ਬਿੱਲ ਕਹਿੰਦਾ ਹੈ ਕਿ ਕੋਈ ਵਿਦੇਸ਼ੀ ਕੰਪਨੀ ਭਾਰਤ ਵਿਚ ਜੇ ਨਿਊਕਲੀਅਰ ਪਲਾਂਟ ਲਗਾਉਂਦੀ ਹੈ ਅਤੇ ਜੇ ਓਥੇ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਕੰਪਨੀ ਦੀ ਜ਼ੁੰਮੇਵਾਰੀ ਕੇਵਲ 1500 ਕਰੋੜ ਰੁਪਏ ਤੱਕ ਦੀ ਹੋਵੇਗੀ। ਦੁਨੀਆਂ ਭਰ ਵਿਚ ਜਦੋਂ ਵੀ ਕੋਈ ਪ੍ਰਮਾਣੂ ਹਾਦਸਾ ਹੋਇਆ ਤਾਂ ਹਜ਼ਾਰਾਂ ਲੋਕਾਂ ਦੀ ਜਾਨ ਗਈ ਅਤੇ ਹਜਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ।
ਭੁਪਾਲ ਗੈਸ ਤ੍ਰਾਸਦੀ ਦੇ ਪੀੜਤ ਲੋਕਾਂ ਨੂੰ ਅਜੇ ਤੱਕ 2200 ਕਰੋੜ ਰੁਪਏ ਮਿਲੇ ਹਨ ਜੋ ਕਿ ਕਾਫੀ ਘੱਟ ਸਮਝੇ ਜਾ ਰਹੇ ਹਨ। ਇਸ ਤਰ੍ਹਾਂ 1500 ਕਰੋੜ ਰੁਪਏ ਤਾਂ ਕੁੱਝ ਵੀ ਨਹੀਂ ਹੁੰਦੇ। ਇਕ ਪ੍ਰਮਾਣੂ ਹਾਦਸਾ ਭੁਪਾਲ ਵਰਗੇ ਪਤਾ ਨਹੀਂ ਕਿੰਨੇ ਹਾਦਸਿਆਂ ਦੇ ਬਰਾਬਰ ਹੋਵੇਗਾ? ਇਸ ਹੀ ਬਿੱਲ ਵਿਚ ਅੱਗੇ ਲਿਖਿਆ ਹੈ ਕਿ  ਉਸ ਕੰਪਨੀ ਦੇ ਖਿਲਾਫ ਕੋਈ ਅਪਰਾਧਿਕ ਮਾਮਲਾ ਵੀ ਦਰਜ ਨਹੀਂ ਕੀਤਾ ਜਾਵੇਗਾ ਅਤੇ ਕੋਈ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਕੋਈ ਪੁਲੀਸ ਕੇਸ ਵੀ ਨਹੀਂ ਹੋਵੇਗਾ। ਬਸ! 1500 ਕਰੋੜ ਰੁਪਏ ਲੈ ਕੇ ਉਸ ਕੰਪਨੀ ਨੂੰ ਛੱਡ ਦਿੱਤਾ ਜਾਵੇਗਾ।

ਇਹ ਕਾਨੂੰਨ ਪੜ੍ਹ ਕੇ ਅਜਿਹਾ ਲਗਦਾ ਹੈ ਕਿ ਇਸ ਦੇਸ਼ ਦੇ ਲੋਕਾਂ ਦੀਆਂ ਜਿ਼ੰਦਗੀਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਸਾਫ ਸਾਫ ਜ਼ਾਹਿਰ ਹੈ ਕਿ ਇਹ ਕਾਨੂੰਨ ਇਸ ਦੇਸ਼ ਦੇ ਲੋਕਾਂ ਦੀ ਜਿ਼ੰਦਗੀਆਂ ਨੂੰ ਦਾਅ  'ਤੇ ਲਾ ਕੇ ਵਿਦੇਸ਼ੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਲਿਆਂਦਾ ਜਾ ਰਿਹਾ ਹੈ। ਸਾਡੀ ਪਾਰਲੀਮੈਂਟ ਅਜਿਹਾ ਕਿਉਂ ਕਰ ਰਹੀ ਹੈ? ਪੱਕੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਜਾਂ ਤਾਂ ਸਾਡੇ ਸੰਸਦ ਮੈਂਬਰਾਂ ਉੱਤੇੇ ਕਿਸੇ ਤਰ੍ਹਾਂ ਦਾ ਦਬਾਉ ਹੈ ਜਾਂ ਫੇਰ ਕੁੱਝ ਪਾਰਲੀਮੈਂਟ ਮੈਂਬਰ ਜਾਂ ਪਾਰਟੀਆਂ ਵਿਦੇਸ਼ੀ ਕੰਪਨੀਆਂ ਦੇ ਹੱਥੀਂ ਵਿਕ ਗਈਆਂ ਹਨ।

ਭੁਪਾਲ ਗੈਸ ਤ੍ਰਾਸਦੀ ਵਾਲੇ ਹੁਣੇ ਜਹੇ ਹੋਏ ਫੈਸਲੇ ਤੋਂ ਬਾਅਦ ਅਖਬਾਰਾਂ ਵਿਚ ਬਹੁਤ ਖਬਰਾਂ ਛਪ ਰਹੀਆਂ ਹਨ ਕਿ ਕਿਸ ਤਰ੍ਹਾਂ ਭੁਪਾਲ ਦੇ ਲੋਕਾਂ ਦੇ ਹੱਤਿਆਰੇ ਨੂੰ ਸਾਡੇ ਦੇਸ਼ ਦੇ ਵੱਡੇ ਨੇਤਾਵਾਂ ਨੇ ਭੁਪਾਲ ਤ੍ਰਾਸਦੀ ਦੇ ਕੁੱਝ ਦਿਨ ਬਾਅਦ ਹੀ ਰਾਜ ਦਾ ਮਾਣਯੋਗ ਵਿਅਕਤੀ ਦਾ ਸਨਮਾਨ ਦਿੱਤਾ ਅਤੇ ਉਸਨੂੰ ਭਾਰਤ ਤੋਂ ਭੱਜਣ ਵਿਚ ਪੂਰੀ ਮੱਦਦ ਕੀਤੀ।

ਇਨ੍ਹਾਂ ਸਭ ਗੱਲਾਂ ਨੂੰ ਦੇਖਕੇ ਮਨ ਵਿਚ ਸਵਾਲ ਪੈਦਾ ਹੁੰਦੇ ਹਨ - “ਕੀ ਭਾਰਤ ਸੁਰੱਖਿਅਤ ਹੱਥਾਂ ਵਿਚ ਹੈ? ਕੀ ਅਸੀਂ ਆਪਣੀ ਜਿ਼ੰਦਗੀ ਅਤੇ ਆਪਣਾ ਭਵਿੱਖ ਇਨ੍ਹਾਂ ਕੁੱਝ ਨੇਤਾਵਾਂ ਅਤੇ ਅਧਿਕਾਰੀਆਂ ਦੇ ਹੱਥਾਂ ਵਿਚ ਸੁਰੱਖਿਅਤ ਦੇਖਦੇ ਹਾਂ?``

ਅਜਿਹਾ ਨਹੀਂ ਹੈ ਕਿ ਸਾਡੀਆਂ ਸਰਕਾਰਾਂ ਉੱਪਰ ਸਿਰਫ ਵਿਦੇਸ਼ੀ ਕੰਪਨੀਆਂ ਜਾਂ ਵਿਦੇਸ਼ੀ ਸਰਕਾਰਾਂ ਦਾ ਹੀ ਦਬਾਉ ਹੈ। ਪੈਸੇ ਵਾਸਤੇ ਨੇਤਾ ਅਤੇ ਅਫਸਰ ਕੁੱਝ ਵੀ ਕਰ ਸਕਦੇ ਹਨ। ਕਿੰਨੇ ਸਾਰੇ ਅਫਸਰ ਅਤੇ ਨੇਤਾ ਉਦਯੋਗਿਕ ਘਰਾਣਿਆਂ ਦੀਆਂ ਕਠਪੁਤਲੀਆਂ ਬਣ ਗਏ ਹਨ। ਕੁੱਝ ਉਦਯੋਗਿਕ ਘਰਾਣਿਆਂ ਦਾ ਅਸਰ ਬਹੁਤ ਜਿਆਦਾ ਬਣ ਗਿਆ ਹੈ। ਅਜੇ ਹੁਣੇ ਜਹੇ ਹੀ ਫੋਨ ਟੇਪ ਕਰਨ ਵਾਲੇ ਮਾਮਲੇ ਵਿਚ ਭੇਤ ਖੁੱਲਿਆ ਹੈ ਕਿ ਕਿ ਮੌਜੂਦਾ ਸਰਕਾਰ ਦੇ ਕਿਹੜੇ ਮਹਿਕਮਿਆਂ ਦੇ ਕੌਣ ਮੰਤਰੀ ਬਣਨਗੇ- ਇਸਦਾ ਫੈਸਲਾ ਸਾਡੇ ਪ੍ਰਧਾਨ ਮੰਤਰੀ ਨੇ ਨਹੀਂ ਬਲਕਿ ਕੁੱਝ ਉਦਯੋਗਿਕ ਘਰਾਣਿਆਂ ਨੇ ਲਿਆ ਸੀ। ਹੁਣ ਤਾਂ ਇਹ ਖੁੱਲੇਆਮ ਸਾਰੇ ਲੋਕ ਜਾਣਦੇ ਹਨ ਕਿ ਕਿਹੜਾ ਨੇਤਾ ਅਤੇ ਕਿਹੜਾ ਅਫਸਰ ਕਿਸ ਘਰਾਣੇ ਦੇ ਨਾਲ ਹਨ।। ਸ਼ਰੇਆਮ ਇਹ ਲੋਕ ਉਨ੍ਹਾਂ ਨਾਲ ਘੁੰਮਦੇ ਹਨ। ਇਹ ਕਹਿਣਾ ਕੋਈ ਬਹੁਤ ਜਰੂਰੀ ਨਹੀਂ ਕਿ ਕੁੱਝ ਰਾਜਾਂ ਦੀਆਂ ਸਰਕਾਰਾਂ ਅਤੇ ਕੇਂਦਰ ਸਰਕਾਰ ਦੇ ਕੁੱਝ ਮਹਿਕਮੇ ਇਹ ਉਦਯੋਗਿਕ ਘਰਾਣੇ ਹੀ ਚਲਾ ਰਹੇ ਹਨ।

ਅਜੇ ਕੁੱਝ ਦਿਨ ਪਹਿਲਾਂ ਹੀ ਖਬਰ ਛਪੀ ਸੀ ਕਿ ਰਿਲਾਂਇਸ ਦੇ ਮੁਕੇਸ਼ ਅੰਬਾਨੀ ਮਹਾਂਰਾਸ਼ਟਰ ਵਿਚ ਕੋਈ ਯੂਨੀਵਰਸਿਟੀ ਸ਼ੁਰੂ ਕਰਨਾ ਚਾਹੁੰਦੇ ਹਨ। ਉਹ ਮਹਾਂਰਾਸ਼ਟਰ ਦੇ ਸਿੱਖਿਆ ਮੰਤਰੀ ਰਾਜੇਸ਼ ਟੋਪੇ ਨੂੰ ਮਿਲੇ, ਅਤੇ ਉਨ੍ਹਾਂ ਦੀ ਇਹ ਇੱਛਾ ਪੂਰੀ ਕਰਨ ਲਈ ਰਾਜੇਸ਼ ਟੋਪੇ ਨੇ ਵਿਧਾਨ ਸਭਾ ਵਿਚ ਪ੍ਰਾਈਵੇਟ ਯੂਨੀਵਰਸਿਟੀ ਬਿੱਲ ਲਿਆਉਣਾ ਮੰਨਜੂਰ ਕਰ ਦਿੱਤਾ। ਉਦਯੋਗਿਕ ਘਰਾਣਿਆਂ ਦੀ ਇੱਛਾ ਪੂਰੀ ਕਰਨ ਵਾਸਤੇ ਸਾਡੀਆਂ ਵਿਧਾਨ ਸਭਾਵਾਂ ਤੁਰੰਤ ਕਾਨੂੰਨ ਪਾਸ ਕਰਨ ਵਾਸਤੇ ਰਾਜ਼ੀ ਹੋ ਜਾਂਦੀਆਂ ਹਨ।

ਸਾਡੇ ਦੇਸ਼ ਦੀਆਂ ਖਾਣਾਂ ਨੂੰ ਕੌਡੀਆਂ ਦੇ ਭਾਅ ਇਨ੍ਹਾਂ ਉਦਯੋਗਿਕ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ। ਜਿਵੇਂ ਕੱਚੇ ਲੋਹੇ (iron ore) ਦੀਆਂ ਖਾਣਾ ਲੈਣ ਵਾਲੀਆਂ ਕੰਪਨੀਆਂ ਸਰਕਾਰ ਨੂੰ ਸਿਰਫ 27 ਰੁਪਏ ਪ੍ਰਤੀ ਟੰਨ ਦੇ ਹਿਸਾਬ ਨਾਲ ਰਾਇਲਟੀ ਤਾਰਦੀਆਂ ਹਨ। ਉਸੇ ਕੱਚੇ ਲੋਹੇ ਨੂੰ ਇਹ ਕੰਪਨੀਆਂ ਖੁੱਲੀ ਮੰਡੀ ਵਿਚ 6000 ਰੁਪਏ ਪ੍ਰਤੀ ਟੰਨ ਦੇ ਭਾਅ ਵੇਚਦੀਆਂ ਹਨ।(ਖਾਣ ਵਿਚੋਂ ਲੋਹਾ ਕੱਢਕੇ ਉਸਦੀ ਸਫਾਈ ਆਦਿ ਕਰਨ ਵਿਚ ਲੱਗਭਗ 300 ਰੁਪਏ ਪ੍ਰਤੀ ਟੰਨ ਖਰਚ ਆਉਂਦਾ ਹੈ) ਕੀ ਇਹ ਸਿੱਧੇ ਸਿੱਧੇ ਦੇਸ਼ ਦੀ ਜਾਇਦਾਦ ਦੀ ਲੁੱਟ ਨਹੀਂ ਹੈ?

ਇਸੇ ਤਰ੍ਹਾਂ ਹੀ ਊਣੇ-ਪੌਣੇ ਭਾਅ 'ਤੇ ਵਣਾਂ (ਜੰਗਲਾਤ) ਨੂੰ ਵੇਚਿਆ ਜਾ ਰਿਹਾ ਹੈ, ਨਦੀਆਂ ਨੂੰ ਵੇਚਿਆ ਜਾ ਰਿਹਾ ਹੈ, ਲੋਕਾਂ ਦੀਆਂ ਜ਼ਮੀਨਾ ਖੋਹ ਖੋਹ ਕੇ ਕੰਪਨੀਆਂ ਨੂੰ ਸਸਤੇ ਭਾਅ ਵੇਚੀਆਂ ਜਾ ਰਹੀਆਂ ਹਨ। ਇਨ੍ਹਾਂ ਪਾਰਟੀਆਂ, ਨੇਤਾਵਾਂ ਅਤੇ ਅਫਸਰਾਂ ਦੇ ਹੱਥਾਂ ਵਿਚ ਸਾਡੇ ਦੇਸ਼ ਦੇ ਕੁਦਰਤੀ ਸਾਧਨ ਅਤੇ ਸਾਡੇ ਦੇਸ਼ ਦੀਆਂ ਕੀਮਤੀ ਜਾਇਦਾਦਾਂ ਖਤਰੇ ਵਿਚ ਹਨ। ਜਲਦੀ ਹੀ ਇਕੱਠੇ ਹੋ ਕੇ ਕੁੱਝ ਨਾ ਕੀਤਾ ਗਿਆ ਤਾਂ ਇਹ ਲੋਕ ਮਿਲਜੁਲ ਕੇ ਸਭ ਕੁੱਝ ਵੇਚ ਦੇਣਗੇ।

ਇਹ ਸਭ ਕੁੱਝ ਦੇਖ ਕੇ  ਭਾਰਤੀ ਰਾਜਨੀਤੀ ਉੱਤੇ  ਅਤੇ ਭਾਰਤੀ ਲੋਕਰਾਜ ਉੱਤੇ ਬਹੁਤ ਵੱਡਾ ਸਵਾਲੀਆਂ ਨਿਸ਼ਾਨ ਲਗਦਾ ਹੈ। ਸਭ ਪਾਰਟੀਆਂ ਦਾ ਖਾਸਾ (ਚਰਿਤ੍ਰ) ਇਕੋ ਜਿਹਾ ਹੀ ਹੈ। ਅਸੀਂ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਨੇਤਾ ਨੂੰ ਵੋਟਾਂ ਦੇਈਏ, ਇਸ ਨਾਲ ਕੋਈ ਫਰਕ ਨਹੀਂ ਪੈਂਦਾ।

ਪਿਛਲੇ 60 ਸਾਲਾਂ ਵਿਚ ਅਸੀਂ ਹਰ ਪਾਰਟੀ, ਹਰ ਨੇਤਾ ਨੂੰ ਅਜ਼ਮਾ ਕੇ ਦੇਖ ਚੁੱਕੇ ਹਨ। ਪਰ ਕੋਈ ਸੁਧਾਰ ਨਹੀਂ ਹੋਇਆ । ਇਸ ਨਾਲ ਇਕ ਗੱਲ ਤਾਂ ਸਾਫ ਹੈ- ਕੇਵਲ ਪਾਰਟੀਆਂ ਅਤੇ ਨੇਤਾ ਬਦਲ ਦੇਣ ਨਾਲ ਗੱਲ ਨਹੀਂ ਬਣਨ ਵਾਲੀ। ਸਾਨੂੰ ਕੁੱਝ ਹੋਰ ਕਰਨਾ ਪਵੇਗਾ।

ਅਸੀਂ ਆਪਣੀ ਸੰਸਥਾ “ਪਰਿਵਰਤਨ`` ਦੇ ਰਾਹੀਂ ਪਿਛਲੇ ਦਸ ਸਾਲ ਤੋਂ ਵੱਖੋ ਵੱਖਰੇ ਮੁੱਦਿਆਂ 'ਤੇ ਕੰਮ ਕਰਦੇ ਰਹੇ। ਕਦੇ ਰਾਸ਼ਨ ਸਬੰਧੀ ਪ੍ਰਬੰਧ ਬਾਰੇ, ਕਦੇ ਪਾਣੀ ਦੇ ਨਿੱਜੀਕਰਨ ਬਾਰੇ, ਕਦੇ ਵਿਕਾਸ ਕਾਰਜਾਂ ਵਿਚ ਹੁੰਦੇ ਭ੍ਰਿਸ਼ਟਾਚਾਰ ਆਦਿ ਨੂੰ ਲੈ ਕੇ। ਕੁੱਝ ਕੁ ਸਫਲਤਾ ਵੀ ਮਿਲੀ। ਪਰ ਜਲਦੀ ਹੀ ਇਹ ਮਹਿਸੂਸ ਹੋਣ ਲੱਗਾ ਕਿ ਇਹ ਸਫਲਤਾ ਥੋੜਚਿਰੀ ਅਤੇ ਭਰਮਾਊ ਹੈ। ਕਿਸੇ ਮੁੱਦੇ 'ਤੇ ਸਫਲਤਾ ਮਿਲਦੀ। ਜਦੋਂ ਤੱਕ ਅਸੀਂ ਉਸ ਖੇਤਰ ਵਿਚ ਉਸ ਮੁੱਦੇ 'ਤੇ ਕੰਮ ਕਰ ਰਹੇ ਹੁੰਦੇ, ਇੰਜ ਲਗਦਾ ਕਿ ਕੁੱਝ ਸੁਧਾਰ ਹੋ ਰਿਹਾ ਹੈ। ਜਿਵੇਂ ਹੀ ਅਸੀਂ ਕਿਸੇ ਦੂਸਰੇ ਮੁੱਦੇ ਵੱਲ ਨੂੰ ਵਧਦੇ, ਪਿਛਲਾ ਮੁੱਦਾ ਪਹਿਲੇ ਤੋਂ ਵੀ ਵੱਧ ਬੁਰੇ ਹਾਲੀਂ ਹੋ ਜਾਂਦਾ। ਹੌਲੀ ਹੌਲੀ ਮਹਿਸੂਸ ਹੋਣ ਲੱਗਾ ਕਿ ਦੇਸ਼ ਭਰ ਵਿਚ ਕਿੰਨੇ ਮੁਦਿਆਂ 'ਤੇ ਕੰਮ ਕਰਾਂਗੇ, ਕਿੱਥੇ ਕਿੱਥੇ ਕੰਮ ਕਰਾਂਗੇ। ਸਹਿਜੇ ਸਹਿਜੇ ਇਹ ਵੀ ਸਮਝ ਆਉਣ ਲੱਗਾ ਕਿ ਇਨ੍ਹਾਂ ਸਭ ਸਮੱਸਿਆਵਾਂ ਦੀ ਜੜ੍ਹ ਰਾਜਨੀਤੀ ਵਿਚ ਹੈ। ਕਿਉਂਕਿ ਇਨ੍ਹਾਂ ਸਭ ਮੁੱਦਿਆਂ ਉੱਤੇ ਪਾਰਟੀਆਂ ਅਤੇ ਨੇਤਾ ਭ੍ਰਿਸ਼ਟ ਅਤੇ ਅਪਰਾਧੀ ਲੋਕਾਂ ਦੇ ਨਾਲ ਸਨ। ਅਤੇ ਜਨਤਾ ਦਾ ਕਿਸੇ ਪ੍ਰਕਾਰ ਦਾ ਕੋਈ ਵਸ ਨਹੀਂ ਚੱਲਦਾ। ਮਿਸਾਲ ਵਜੋਂ ਰਾਸ਼ਨ ਦੇ ਪ੍ਰਬੰਧ ਨੂੰ ਹੀ ਲਵੋ। ਰਾਸ਼ਨ ਚੋਰੀ ਕਰਨ ਵਾਲਿਆਂ ਨੂੰ ਪਾਰਟੀਆਂ ਅਤੇ ਨੇਤਾਵਾਂ ਵਲੋਂ ਪੂਰੀ ਪੂਰੀ ਸੁਰੱਖਿਆ ਮਿਲਦੀ ਹੈ। ਜੇ ਰਾਸ਼ਨ ਵਾਲਾ ਕੋਈ ਚੋਰੀ ਕਰਦਾ ਹੈ ਤਾਂ ਅਸੀਂ ਉਸ ਮਹਿਕਮੇ ਦੇ ਕਰਮਚਾਰੀ, ਉੱਚ ਅਧਿਕਾਰੀ ਜਾਂ ਖੁਰਾਕ ਮੰਤਰੀ ਕੋਲ ਸਿ਼ਕਾਇਤ ਕਰਦੇ ਹਾਂ। ਪਰ ਇਹ ਸਾਰੇ ਤਾਂ ਉਸ ਚੋਰੀ ਵਿਚ ਸਿੱਧੇ ਤੌਰ 'ਤੇ ਸ਼ਾਮਲ ਹਨ, ਉਸ ਚੋਰੀ ਦਾ ਇਕ ਵੱਡਾ ਹਿੱਸਾ ਤਾਂ ਇਨ੍ਹਾਂ ਸਾਰਿਆਂ ਤੱਕ ਪਹੁੰਚਦਾ ਹੈ। ਤਾਂ ਉਨ੍ਹਾਂ ਕੋਲ ਹੀ ਸਿ਼ਕਾਇਤ ਕਰਕੇ ਅਸੀਂ ਇਨਸਾਫ ਦੀ ਆਸ ਕਰ ਸਕਦੇ ਹਾਂ? ਜਦੋਂ ਕਿਸੇ ਜਗ੍ਹਾ ਮੀਡੀਆਂ ਜਾਂ ਲੋਕਾਂ ਦਾ ਬਹੁਤ ਦਬਾਉ ਬਣਦਾ ਹੈ ਤਾਂ ਦਿਖਾਵੇ ਵਜੋਂ ਕੁੱਝ ਰਾਸ਼ਨ ਵਾਲਿਆਂ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ, ਜਦੋਂ ਲੋਕਾਂ ਦਾ ਦਬਾਉ ਘੱਟ ਹੋ ਜਾਂਦਾ ਹੈ ਤਾਂ ਰਿਸ਼ਵਤ ਲੈ ਕੇ ਫਿਰ ਤੋਂ ਉਹ ਦੁਕਾਨਾਂ ਖੋਲ੍ਹ ਦਿੱਤੀਆਂ ਜਾਂਦੀਆਂ ਹਨ।

ਇਸ ਪੂਰੇ ਤਮਾਸ਼ੇ ਵਿਚ ਜਨਤਾ ਦੇ ਕੋਲ ਕੋਈ ਤਾਕਤ ਨਹੀਂ ਹੈ। ਲੋਕ ਸਿਰਫ ਚੋਰਾਂ ਕੋਲ ਸਿ਼ਕਾਇਤ ਕਰ ਸਕਦੇ ਹਨ ਕਿ “ਮਿਹਰਬਾਨੀ ਕਰਕੇ ਤੁਸੀਂ ਆਪਣੇ ਖਿਲਾਫ ਕਾਰਵਾਈ ਕਰੋ`` ਜੋ ਹੋਣ ਵਾਲੀ ਗੱਲ ਨਹੀਂ।

ਹੁਣ ਇਹ ਸਮਝ ਵਿਚ ਆਉਣ ਲੱਗਾ ਕਿ ਲੋਕਾਂ ਨੂੰ ਸਿੱਧੀ ਕਾਨੂੰਨੀ ਇਹ ਤਾਕਤ ਦੇਣੀ ਹੋਵੇਗੀ ਕਿ ਜੇ ਰਾਸ਼ਨ ਵਾਲਾ ਚੋਰੀ ਕਰੇ ਤਾਂ ਸਿ਼ਕਾਇਤ ਕਰਨ ਦੀ ਥਾਂ ਸਿੱਧਿਆਂ ਹੀ ਜਨਤਾ ਉਸਨੂੰ ਸਜ਼ਾ ਦੇ ਸਕੇ। ਜਨਤਾ ਨੂੰ ਸਥਿਤੀ ਤੇ ਸਿੱਧਾ ਹੀ ਅਧਿਕਾਰ ਦੇਣਾ ਪਵੇਗਾ ਜਿਸ ਅਧੀਨ ਜਨਤਾ ਫੈਸਲਾ ਕਰੇ ਤੇ ਨੇਤਾ ਅਤੇ ਅਫਸਰ ਲਏ ਗਏ ਉਨ੍ਹਾਂ ਫੈਸਲਿਆਂ ਦਾ  ਪਾਲਣ ਕਰਨ।

ਕੀ ਅਜਿਹਾ ਹੋ ਸਕਦਾ ਹੈ? ਕੀ 120 ਕਰੋੜ ਲੋਕਾਂ ਨੂੰ ਕਾਨੂੰਨੀ ਨਿਰਣੇ ਲੈਣ ਦਾ ਅਧਿਕਾਰ ਦਿੱਤਾ ਜਾ ਸਕਦਾ ਹੈ?

ਉਂਜ ਤਾਂ ਲੋਕਤੰਤਰ ਵਿਚ ਲੋਕ ਹੀ ਮਾਲਕ ਹੁੰਦੇ ਹਨ। ਲੋਕਾਂ ਨੇ ਹੀ ਪਾਰਲੀਮੈਂਟ ਅਤੇ ਸਰਕਾਰਾਂ ਨੂੰ ਲੋਕਹਿਤਾਂ ਵਾਸਤੇ ਫੈਸਲੇ ਲੈਣ ਦਾ ਅਧਿਕਾਰ ਦਿੱਤਾ ਹੈ। ਪਾਰਲੀਮੈਂਟ, ਵਿਧਾਨ ਸਭਾਵਾਂ ਅਤੇ ਸਰਕਾਰਾਂ ਨੇ ਇਨ੍ਹਾਂ ਅਧਿਕਾਰਾਂ ਦਾ ਬਹੁਤ ਹੀ ਦੁਰਉਪਯੋਗ ਕੀਤਾ ਹੈ। ਉਨ੍ਹਾਂ ਨੇ ਪੈਸੇ ਖਾ ਕੇ ਖੁੱਲੇਆਮ ਅਤੇ ਬੇਸ਼ਰਮੀ ਨਾਲ ਲੋਕਾਂ ਨੂੰ ਅਤੇ ਲੋਕ ਹਿਤਾਂ ਨੂੰ ਵੇਚ ਦਿੱਤਾ ਹੈ। ਕੀ ਹੁਣ ਸਮਾਂ ਆ ਗਿਆ ਹੈ ਕਿ ਲੋਕ ਨੇਤਾਵਾਂ, ਅਫਸਰਾਂ ਅਤੇ ਪਾਰਟੀਆਂ ਤੋਂ ਆਪਣੇ ਬਾਰੇ ਫੈਸਲੇ ਲੈਣ ਦੇ ਅਧਿਕਾਰ ਵਾਪਸ ਲੈ ਲੈਣ? ਕੀ ਅਜਿਹਾ ਹੋ ਸਕਦਾ ਹੈ? ਕੀ ਇਸ ਨਾਲ ਅਰਾਜਕਤਾ ਨਹੀਂ ਫੈਲੇਗੀ?

ਇਨ੍ਹਾਂ ਸਭ ਸਵਾਲਾਂ ਦੇ ਜਵਾਬ ਲੱਭਣ ਵਾਸਤੇ ਅਸੀਂ ਬਹੁਤ ਘੁੰਮੇ, ਬਹੁਤ ਲੋਕਾਂ ਨੂੰ ਮਿਲੇ ਅਤੇ ਕੁੱਝ ਪੜ੍ਹਿਆ ਵੀ। ਜੋ ਕੁੱਝ ਸਮਝ ਵਿਚ ਆਇਆ ਉਸ ਨੂੰ ਇਸ ਪੁਸਤਕ ਦੇ ਰੂਪ ਵਿਚ ਪੇਸ਼ ਕਰ ਰਹੇ ਹਾਂ। ਇਸਨੂੰ ਪੜ੍ਹਨ ਤੋਂ ਬਾਅਦ ਜੇ ਤੁਹਾਡੇ ਮਨ ਵਿਚ ਸ਼ੱਕ-ਸ਼ੁਭਾ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਉ। ਅਤੇ ਜੇ ਤੁਸੀਂ ਸਾਡੀਆਂ ਗੱਲਾਂ ਨਾਲ ਸਹਿਮਤ ਹੋਵੋ ਤਾਂ ਆਪਣੇ ਤਨ , ਮਨ, ਧਨ ਨਾਲ ਇਸ ਅੰਦੋਲਨ ਵਿਚ ਸ਼ਾਮਲ ਹੋਵੋ। ਸਮਾਂ ਬਹੁਤ ਥੋੜ੍ਹਾ ਹੈ। ਦੇਸ਼ ਦੀ ਸੱਤਾ ਅਤੇ ਦੇਸ਼ ਦੇ ਸਾਧਨ ਬਹੁਤ ਤੇਜੀ ਨਾਲ ਵਿਦੇਸ਼ੀ ਕੰਪਨੀਆਂ ਅਤੇ ਵਿਦੇਸ਼ੀ ਸਰਕਾਰਾਂ ਦੇ ਹੱਥਾਂ ਵਿਚ ਜਾ ਰਹੇ ਹਨ। ਜਲਦੀ ਕੁੱਝ ਨਾ ਕੀਤਾ ਗਿਆ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ।

ਗਿਆਸਪੁਰਾ 'ਚ ਪੁਰਵਾਂਚਲ ਜਨ ਕਲਿਆਣ ਸੰਗਠਨ ਵੱਲੋ ਸੁੰਦਰ ਕਾਂਡ ਪਾਠ

 Fri, Jan 3, 2014 at 6:07 PM
ਧਰਮ, ਕਰਮ ਦੇ ਕਾਰਜਾਂ ਨਾਲ ਹੀ ਮਜਬੂਤ ਹੁੰਦੀ ਹੈ ਆਪਸੀ ਸਦਭਾਵਨਾ:ਸੌਖੀ
ਲੁਧਿਆਣਾ: 3 ਜਨਵਰੀ 2013:(ਰੈਕਟਰ ਕਥੂਰੀਆ//ਜਨਤਾ ਸਕਰੀਨ):     
ਇਲਾਕਾ ਅੰਬੇਦਕਰ ਨਗਰ ਗਿਆਸਪੁਰਾ ਵਿਖੇ ਪੁਰਵਾਂਚਲ ਜਨ ਕਲਿਆਣ ਸੰਗਠਨ ਵੱਲੋ ਸੁੰਦਰ ਕਾਂਡ ਦੇ ਪਾਠ ਦਾ ਆਯੋਜਨ ਜੀਆ ਲਾਲ ਵਰਮਾ ਅਤੇ ਰਾਮ ਵਿਲਾਸ ਦੀ ਅਗੁਵਾਈ ਹੇਠ ਕੀਤਾ ਗਿਆ ਜਿਸ ਵਿਚ ਸੰਤੋਸ਼ ਅਤੇ ਸ਼ੁਕਲਾ ਐਂਡ ਪਾਰਟੀ ਨੇ ਅਮ੍ਰਿਤ ਮਈ ਗੁਣਗਾਨ ਕੀਤਾ। ਇਸ ਆਯੋਜਨ ਵਿੱਚ ਮੁੱਖ ਰੂਪ ਵਿੱਚ ਕੋਂਸਲਰ ਜਗਬੀਰ ਸਿੰਘ ਸੌਖੀ , ਸਾਬਕਾ ਕੋਂਸਲਰ ਸੋਹਣ ਸਿੰਘ ਗੋਗਾ, ਜ਼ਿਲਾ ਅਕਾਲੀ ਦਲ ਦੇ ਮੀਡੀਆ ਇੰਚਾਰਜ ਰਾਜੇਸ਼ ਮਿਸ਼ਰਾ ,ਭਾਜਪਾ ਦੇ ਮਨੁਖੀ ਅਧਿਕਾਰ ਸੈਲ ਦੇ ਕਨਵੀਨਰ ਵਰਿੰਦਰ ਸਿੰਘ ਸੰਤ, ਅਕਾਲੀ ਦਲ ਬੀ.ਸੀ.ਵਿੰਗ ਦੇ ਕੋਮੀ ਮੀਤ ਪ੍ਰਧਾਨ ਨਿਰਮਲ ਸਿੰਘ ਐਸ .ਐਸ., ਭਾਜਪਾ ਦੀ ਜ਼ਿਲਾ ਸਕੱਤਰ ਧਰਮਾਵਤੀ ਮਿਸ਼ਰਾ ,ਉਦਯੋਗਪਤੀ ਵਰਿੰਦਰ ਮਿਸ਼ਰਾ ਆਦਿ ਸ਼ਾਮਿਲ ਹੋਏ ਇਸ ਮੌਕੇ ਤੇ ਸੰਗਤਾ ਨੂੰ ਸੰਬੋਧਿਤ ਕਰਦੇ ਕੋੰਸਲਰ ਸੌਖੀ ਨੇ ਕਿਹਾ ਕੀ ਧਰਮ ਕਰਮ ਦੇ ਕਾਰਜਾ ਨਾਲ ਹੀ ਸਮਾਜ ਵਿੱਚ ਆਪਸੀ ਸਦਭਾਵਨਾ ਕਾਇਮ ਹੈ ਜੋ ਲੋਕ ਆਪਣੇ ਰੱਬ ਨੂੰ ਯਾਦ ਰੱਖਦੇ ਹਨ ਅਤੇ ਸਮੇਂ ਸਮੇਂ ਧਾਰਮਿਕ ਸਮਾਗਮ ਉਲੀਕਦੇ ਹਨ ਰੱਬ ਉਹਨਾਂ ਨੂੰ ਹਮੇਸ਼ਾ ਤਰੱਕੀ ਅਤੇ ਬੁਲੰਦੀ ਤੇ ਰਖਦਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲਾ ਸਮਾ ਬੜਾ ਸੰਵੇਦਨਸ਼ੀਲ  ਹੈ ਇਸ ਲਈ ਸਾਨੂੰ ਆਪਸੀ ਰੰਜਿਸ਼ ਭੁਲਾ ਕੇ ਸਮਾਜਿਕ ਕਾਰਜਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਇਸ ਮੌਕੇ ਤੇ ਸ.ਸੌਖੀ ਨੇ ਪੁਰਵਾਂਚਲ ਸਮਾਜ ਦੇ ਨੌਜਵਾਨ ਆਗੁ ਰਾਜੇਸ਼ ਮਿਸ਼ਰਾ ਦੀ ਸ਼ਲਾਘਾ ਕਰਦਿਆਂ ਕਿਹਾ ਕੀ ਇਸਦਾ ਸਮਾਜ ਨੂੰ ਬਹੁਤ ਵੱਡਾ ਯੋਗਦਾਨ ਹੈ ਇਸ ਮੌਕੇ ਤੇ ਸ.ਸੋਹਣ ਸਿੰਘ ਗੋਗਾ ਨੇ ਕਿਹਾ ਕਿ ਧਰਮ ਸਾਨੂੰ ਸਮਾਜ ਸੇਵਾ ਦੀ ਨਸੀਹਤ ਦਿੰਦਾ ਹੈ ਨੌਜਵਾਨ ਸਮੇਂ ਦੇ ਹਾਣੀ ਬਣਨ ਸਾਨੂੰ ਮਿਲ ਕੇ ਇਸ ਵੱਲ ਹੰਬਲਾ ਮਾਰਨ ਦੀ ਲੋਡ੍ਹ ਹੈ  ਸਮਾਗਮ ਦੌਰਾਨ ਰਾਜੇਸ਼ ਮਿਸ਼ਰਾ ਨੇ ਸੰਗਤ ਦਾ ਧਨਵਾ ਦ ਕੀਤਾ  ਇਸ ਮੌਕੇ ਤੇ ਦਿਨੇਸ਼ ਮਿਸ਼ਰਾ, ਸੁਰਿੰਦਰ ਪਾਂਡੇ,ਨਿਤਯਾਨੰਦ ਸਿੰਘ ਗੁੱਡੂਰਾਮ ਚੰਦਰ, ਸੋਹਣ ਲਾਲ ਸ਼ਾਸਤਰੀ, ਰਾਮ ਜਨਕ ਵਰਮਾ, ਰਾਮ ਨਰਾਇਣ ਵਰਮਾਮਨੋਜ ਮਿਸ਼ਰਾ, ਬਸੰਤ ਲਾਲ, ਰਮੇਸ਼ ਪਾਂਡੇ, ਕ੍ਰਿਸ਼ਨਾ ਕਾਂਤ ਪਾਲ, ਭੁਲਾਈ ਗੁਪਤਾ, ਯੂਨਿਸ ਅੰਸਾਰੀਪੰਡਤ ਅਵਦੇਸ਼ ਪਾਂਡੇ, ਉੱਤਮ ਮਿਸ਼ਰਾਦਲੀਪ ਸੋਨੀ, ਡਾ.ਡੀ.ਐਨ .ਮੋਰੀਆ, ਰਾਜੂ ਤਿਵਾਰੀ ਆਦਿ ਸ਼ਾਮਿਲ ਰਹੇ

ਲੋਕਾਂ ਦੇ ਇੱਕ ਛੱਤ ਹੇਠ ਬਣਾਏ ਆਧਾਰ ਕਾਰਡ ਤੇ ਖੋਲੇ ਬੈਂਕ ਖ਼ਾਤੇ

Fri, Jan 3, 2014 at 5:54 PM
 *ਸਿੱਧੀ ਸਬਸਿਡੀ ਦਾ ਲਾਹਾ ਲੈਣ ਲਈ ਖ਼ਪਤਕਾਰ ਆਪਣੇ ਬੈਂਕ ਖ਼ਾਤੇ ਆਧਾਰ ਕਾਰਡ ਨਾਲ ਜੋੜਨ 
ਲੁਧਿਆਣਾ, 3 ਦਸੰਬਰ  ( ਸਤਪਾਲ ਸੋਨੀ //ਜਨਤਾ ਸਕਰੀਨ) :
ਘਰੇਲੂ ਗੈਸ ਦੇ ਸਾਰੇ ਖ਼ਪਤਕਾਰਾਂ ਦੇ ਬਹੁਮੰਤਵੀ ਆਧਾਰ ਕਾਰਡ ਬਣਾਉਣ ਅਤੇ ਬੈਂਕਾਂ ਤੇ ਗੈਸ ਏਜੰਸੀਆਂ ਨਾਲ ਲਿੰਕ ਕਰਾਉਣ ਦੀ ਕਵਾਇਦ ਨੂੰ ਤੇਜ਼ ਕਰਨ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਉਪਰਾਲਾ ਕੀਤਾ ਗਿਆ, ਜਿਸ ਤਹਿਤ ਅੱਜ ਪਿੰਡ ਲੁਹਾਰਾ ਦੇ ਸਿਮਰਨ ਪੈਲੇਸ ਵਿਖੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲੋਕਾਂ ਦੇ ਆਧਾਰ ਕਾਰਡ ਲਈ ਫਾਰਮ ਭਰੇ ਅਤੇ ਉਨਾਂ ਦੇ ਮੌਕੇ ’ਤੇ ਬੈਂਕ ਖਾਤੇ ਖੋਲ ਕੇ ਉਨਾਂ ਨੂੰ ਆਧਾਰ ਕਾਰਡ ਨਾਲ ਜੋੜਿਆ ਗਿਆ। ਇਸ ਕੈਂਪ ਦਾ ਉਦਘਾਟਨ ਸ੍ਰ. ਇਕਬਾਲ ਸਿੰਘ ਭਾਟੀਆ, ਜਨਰਲ ਮੈਨੇਜਰ ਐੱਲ. ਐੱਚ. ਓ. ਨੇ ਕੀਤਾ।
ਪੰਜਾਬ ਐਂਡ ਸਿੰਧ ਬੈਂਕ (ਲੀਡ ਬੈਂਕ) ਦੇ ਜ਼ੋਨਲ ਮੈਨੇਜਰ ਸ੍ਰ. ਜਗਜੀਤ ਸਿੰਘ ਭੱਲਾ ਨੇ ਦੱਸਿਆ ਕਿ ਇਹ ਕੈਂਪ ਅਣਮਿਥੇ ਸਮੇਂ ਲਈ ਲਗਾਇਆ ਗਿਆ ਹੈ, ਜਿਸ ਵਿੱਚ 20 ਦੇ ਕਰੀਬ ਮਸ਼ੀਨਾਂ ਲਗਾਈਆਂ ਗਈਆਂ ਹਨ, ਜੋ ਕਿ ਲਗਾਤਾਰ ਖਪਤਕਾਰਾਂ ਦੇ ਆਧਾਰ ਕਾਰਡ ਬਣਾਉਣ ਲਈ ਚੱਲਦੀਆਂ ਰਹਿਣਗੀਆਂ। ਇਸ ਇਲਾਕੇ ਦੇ ਬਹੁਤੇ ਲੋਕਾਂ ਨੇ ਹਾਲੇ ਤੱਕ ਆਪਣੇ ਆਧਾਰ ਕਾਰਡ ਨਹੀਂ ਬਣਵਾਏ ਸਨ। ਜਿੰਨੇ ਲੋਕਾਂ ਨੇ ਇਹ ਕਾਰਡ ਬਣਵਾਏ ਵੀ ਸਨ, ਉਹਨਾਂ ਵਿੱਚੋਂ ਜਿਆਦਾਤਰ ਨੇ ਗੈਸ ਏਜੰਸੀਆਂ ਅਤੇ ਬੈਂਕ ਵਾਲਿਆਂ ਕੋਲ ਆਪਣਾ ਆਧਾਰ ਨੰਬਰ ਦਰਜ ਨਹੀਂ ਕਰਾਇਆ ਸੀ, ਜਿਸ ਕਾਰਨ ਸਿੱਧੀ ਸਬਸਿਡੀ ਵਾਲੀ ਸਕੀਮ ਦਾ ਲੋਕਾਂ ਨੂੰ ਬਹੁਤਾ ਲਾਹਾ ਨਹੀਂ ਮਿਲਣਾ ਸੀ ਅਤੇ ਖਪਤਕਾਰਾਂ ਨੂੰ ਸਬਸਿਡੀ ਲੈਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੀ। ਇਸੇ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਹੀ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਇਹ ਸਾਂਝਾ ਕੈਂਪ ਲਗਾਇਆ ਗਿਆ ਹੈ, ਜਿਸ ਦਾ ਲੋਕ ਸਵੇਰ ਤੋਂ ਹੀ ਭਾਰੀ ਲਾਹਾ ਲੈ ਰਹੇ ਹਨ।
ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਜ਼ਿਲੇ ਦੀਆਂ ਸਾਰੀਆਂ 50 ਬੈਂਕਾਂ ਵੱਲੋਂ ਕਾੳੂਂਟਰ ਲਗਾਏ ਗਏ ਹਨ। ਵੱਡੀ ਗਿਣਤੀ ਵਿੱਚ ਪਹੁੰਚ ਰਹੇ ਖਪਤਕਾਰਾਂ ਨੂੰ ਬੈਂਕਾਂ ਵਾਲੇ ਆਪਣੀਆਂ-ਆਪਣੀਆਂ ਗਾਹਕ ਹਿਤੁੂ ਸਕੀਮਾਂ ਦੱਸ ਕੇ ਉਨਾਂ ਦੇ ਬੈਂਕ ਖਾਤੇ ਖੋਲ ਰਹੇ ਹਨ। ਖਪਤਕਾਰ ਕਿਸੇ ਵੀ ਬੈਂਕ ਵਿੱਚ ਆਪਣਾ ਖ਼ਾਤਾ ਖੁਲਵਾ ਸਕਦਾ ਹੈ, ਜਦਕਿ ਗੈਸ ਏਜੰਸੀਆਂ ਨੂੰ ਵੀ ਸੰਬੰਧਤ ਖਪਤਕਾਰਾਂ ਦੇ ਆਧਾਰ ਕਾਰਡ ਨੰਬਰ ਦਿੱਤੇ ਜਾ ਰਹੇ ਹਨ। ਅੱਜ ਪਹਿਲੇ ਦਿਨ 1000 ਤੋਂ ਵਧੇਰੇ ਖਪਤਕਾਰਾਂ ਦੇ ਆਧਾਰ ਕਾਰਡ ਬਣਾਉਣ ਲਈ ਫਾਰਮ ਅਤੇ ਨਮੂਨੇ ਲਏ ਗਏ, ਜਦਕਿ 2300 ਤੋਂ ਵਧੇਰੇ ਆਧਾਰ ਕਾਰਡ ਧਾਰਕਾਂ ਦੇ ਖਾਤੇ ਖੁਲਵਾਉਣ ਦੇ ਨਾਲ-ਨਾਲ ਆਧਾਰ ਨੰਬਰ ਗੈਸ ਏਜੰਸੀਆਂ ਨਾਲ ਲਿੰਕ ਕਰਵਾਏ ਗਏ।
ਉਨਾਂ ਦੱਸਿਆ ਕਿ ਭਾਰਤ ਦੇ ਪੈਟਰੋਲੀਅਮ ਮੰਤਰਾਲੇ ਵੱਲੋਂ ਐੱਲ. ਪੀ. ਜੀ. ਖ਼ਪਤਕਾਰਾਂ ਨੂੰ ਨਵੇਂ ਕੁਨੈਕਸ਼ਨ ਅਤੇ ਗੈਸ ’ਤੇ ਸਬਸਿਡੀ ਸਿੱਧੀ ਉਨਾਂ ਦੇ ਖ਼ਾਤਿਆਂ ਵਿੱਚ ਪਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜ਼ਿਲਾ ਲੁਧਿਆਣਾ ’ਚ ਸਫ਼ਲ ਬਣਾਉਣ ਲਈ ਜ਼ਿਲਾ ਪ੍ਰਸਾਸ਼ਨ ਹਰ ਸੰਭਵ ਯਤਨ ਕੀਤਾ ਜਾਵੇਗਾ। ਕਿਸੇ-ਕਿਸੇ ਇਲਾਕੇ ਵਿੱਚ ਐੱਲ. ਪੀ. ਜੀ. ਖ਼ਪਤਕਾਰ ਆਪਣੇ ਆਧਾਰ ਕਾਰਡ ਨੂੰ ਬੈਂਕ ਖ਼ਾਤੇ ਨਾਲ ਜੁੜਵਾਉਣ ਵਿੱਚ ਘੱਟ ਦਿਲਚਸਪੀ ਲੈ ਰਹੇ ਹਨ, ਜਿਸ ਨਾਲ ਇਸ ਸਕੀਮ ਨੂੰ ਲਾਗੂ ਕਰਨ ਵਿੱਚ ਸਮੱਸਿਆ ਪੇਸ਼ ਆ ਰਹੀ ਹੈ। ਸ੍ਰ. ਭੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਖ਼ਪਤਕਾਰਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ, ਉਹ ਜਲਦੀ ਤੋਂ ਜਲਦੀ ਆਪਣੇ ਆਧਾਰ ਕਾਰਡ ਬਣਵਾ ਲੈਣ। ਜ਼ਿਲੇ ਵਿੱਚ ਇਸ ਵੇਲੇ ਕਈ ਸਥਾਨਾਂ ’ਤੇ ਇਹ ਕਾਰਡ ਬਣਾਉਣ ਲਈ ਕੇਂਦਰ ਖੋਲੇ ਹੋਏ ਹਨ, ਜਿਥੇ ਰੋਜ਼ਾਨਾ ਕਾਰਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜਿਨਾਂ ਖ਼ਪਤਕਾਰਾਂ ਦੇ ਕਾਰਡ ਹਾਲੇ ਬਣ ਕੇ ਨਹੀਂ ਆਏ ਹਨ, ਉਹ ਆਪਣੇ ਗੈਸ ਏਜੰਸੀ ਨਾਲ ਸਿੱਧਾ ਰਾਬਤਾ ਕਰਕੇ ਉਨਾਂ ਕੋਲ ਆਪਣੇ ਅਪਲਾਈ ਕੀਤੇ ਆਧਾਰ ਕਾਰਡ ਦੀ ਰਸੀਦ ਦੀ ਕਾਪੀ ਜਮਾਂ ਕਰਵਾ ਸਕਦੇ ਹਨ, ਤਾਂ ਜੋ ਉਨਾਂ ਨੂੰ ਸਿੱਧੀ ਸਬਸਿਡੀ ਵਾਲੀ ਪ੍ਰਕਿਰਿਆ ਵਿੱਚ ਪਾ ਲਿਆ ਜਾਵੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।