Tuesday, December 2, 2025

ਸਾਥੀ ਡੀ ਪੀ ਮੌੜ ਨੂੰ ਸਦਮਾ -ਮਾਤਾ ਜੀ ਦਾ ਦੇਹਾਂਤ

ਹੀਰੋ ਹਾਰਟ ਹਸਪਤਾਲ ਵਿਖੇ ਹੋਇਆ ਦੇਹਾਂਤ

ਲੁਧਿਆਣਾ: 2 ਦਸੰਬਰ 2025: (ਮੀਡੀਆ ਲਿੰਕ ਰਵਿੰਦਰ//ਜਨਤਾ ਸਕਰੀਨ ਡੈਸਕ)::
ਜ਼ਿੰਦਗੀ ਦੀ ਸਭ ਤੋਂ ਵੱਡੀ ਹਕੀਕਤ ਮੌਤ ਹੀ ਗਿਣੀ ਜਾਂਦੀ ਹੈ। ਕੁਝ ਹੋਰ ਹੋਵੇ ਜਾਂ ਨਾ ਹੋਵੇ।.ਕੋਈ ਹੋਰ ਆਵੇ ਜਾਂ ਨਾ ਆਵੇ--ਪਰ ਮੌਤ ਨੇ ਜ਼ਰੂਰ ਆਉਣਾ ਹੀ ਹੁੰਦਾ ਹੈ। ਇੱਕ ਅਜਿਹੀ ਅਟੱਲ ਹਕੀਕਤ ਜੀ ਸੱਚ ਮੁੱਛ ਹੋ ਕੇ ਰਹੇਗੀ। ਕਈ ਵਾਰ ਕਿਸਮਤਾਂ ਦੀ ਗੱਲ ਵੀ ਚੰਗੀ ਲੱਗਦੀ ਹੈ ਅਤੇ ਕਈ ਵਾਰ ਇਤਫ਼ਾਕ ਦੀ ਵੀ। ਸਾਡਾ ਰਾਬਤਾ ਇਸ ਪਰਿਵਾਰ ਨਾਲ ਖੱਬੇਪੱਖੀ ਵਿਚਾਰਧਾਰਾ ਵਾਲੇ ਸਿਲਸਿਲੇ ਅਤੇ ਇਹਨਾਂ ਵਿਚਾਰਾਂ ਦੀ ਸਾਂਝ ਕਰਕੇ ਸੀ। 

ਇਸ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਕਾਮਰੇਡ ਡੀ ਪੀ ਮੌੜ ਅਕਸਰ ਹੀ ਲੋਕ ਪੱਖੀ ਧਰਨਿਆਂ, ਮੁਜ਼ਾਹਰਿਆਂ ਸਮੇਂ ਮੂਹਰਲੀ ਕਤਾਰ ਵਿਚ ਨਜ਼ਰ ਆਉਂਦੇ। ਡੀ ਪੀ ਮੌੜ ਵਰਗੇ ਅਜਿਹੇ ਸਪੁੱਤਰ ਜਿਹੜੇ ਨਿਜੀ ਸੁੱਖਾਂ ਦੁੱਖਾਂ ਤੋਂ ਉੱਪਰ ਉੱਠ ਕੇ ਸਿਰਫ ਲੋਕ ਭਲਾਈ ਲਈ  ਸਮਰਪਿਤ ਰਹਿੰਦੇ ਹੋਣ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ  ਕਿੰਨੀ ਮਹਾਨ ਹੋਵੇਗੀ। ਇਹ ਹਿੰਮਤ ਅਤੇ ਪ੍ਰੇਰਨਾ ਕੋਈ ਮਹਾਨ ਮਾਂ ਹੀ ਦੇ ਸਕਦੀ ਹੈ। ਇਸ ਮਹਾਨ ਮਾਤਾ ਨੂੰ ਦੇਖਣ ਅਤੇ ਮਿਲਣ ਦੀ ਇੱਛਾ ਲੰਮੇ ਅਰਸੇ ਤੋਂ ਸੀ। ਪਰ ਕੋਈ ਨ ਕੋਈ ਵਿਘਨ ਪੈਂਦਾ ਰਿਹਾ।

ਕੁਝ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਠੀਕ ਹੋ ਕੇ ਡੀ ਐਮ ਸੀ ਹਸਪਤਾਲ ਤੋਂ ਘਰ ਜਾਣ ਦੀ ਛੁੱਟੀ ਮਿਲੀ ਤਾਂ ਅਸੀਂ ਕੁਝ ਮਿੱਤਰਾਂ ਨੇ ਮੌੜ ਸਾਹਿਬਨੂੰ ਫੋਨ ਕੀਤਾ ਕਿ ਅਸੀਂ ਕੱਲ੍ਹ ਮਾਤਾ ਜੀ ਦੇ ਦਰਸ਼ਨਾਂ ਲਈ ਤੁਹਾਡੇ ਘਰ ਆਵਾਂਗੇ। ਮੌੜ ਸਾਹਿਬ ਨੇ ਕਿਹਾ ਕਿ ਜਾਂ ਤਾਂ ਅੱਜ ਹੀ ਆ ਜਾਓ--ਜਾਂ ਫਿਰ ਦੋ ਤਿੰਨ ਦਿਨ ਰੁਕ ਕੇ ਆਓ ਕਿਓਂਕਿ ਕੱਲ੍ਹ ਤਾਂ ਕੋਈ ਰੋਸ ਧਰਨਾ ਅਤੇ ਮੁਜ਼ਾਹਰਾ ਵੀ ਹੈ ਇਸ ਲਈ ਉਥੇ ਵੀ ਜਾਣਾ ਹੈ ਅਤੇ ਯੂਨੀਵਰਸਿਟੀ ਵੀ ਕੋਈ ਖਾਸ ਪ੍ਰੋਗਰਾਮ ਹੈ। ਮਾਤਾ ਜੀ ਦੇ ਦਰਸ਼ਨਾਂ ਲਈ ਉਹ ਕੱਲ੍ਹ ਕਦੇ ਨਾ ਆਇਆ। 

ਜਦੋਂ ਦੋ ਕੁ ਦਿਨ ਬਾਅਦ ਅਸੀਂ ਮੌੜ ਸਾਹਿਬ ਦੇ ਘਰ ਜਾਣ ਲੱਗੇ ਤਾਂ ਉਦੋਂ ਤੱਕ ਮਾਤਾ ਜੀ ਨੂੰ ਫੇਰ ਹਸਪਤਾਲ ਲਿਜਾਇਆ ਗਿਆ ਸੀ ਕਿਓਂਕਿ ਤਬੀਅਤ ਫੇਰ ਵਿਗੜ ਗਈ ਸੀ। ਮੈਂ ਅਤੇ ਬੇਟੀ ਕਾਰਤਿਕਾ ਅਸੀਂ ਹਸਪਤਾਲ ਪਹੁੰਚੇ ਤਾਂ ਵੀ ਜਾਣ ਦਾ ਕੋਈ ਫਾਇਦਾ ਨਾ ਹੋਇਆ। ਉਸ ਵੇਲੇ ਮਾਤਾ ਜੀ ਆਈ ਸੀ ਯੂ  ਵਿੱਚ ਸਨ। ਡਾਕਟਰ ਇਸ ਗੱਲ ਦੇ ਹੱਕ ਵਿੱਚ ਨਹੀਂ ਸਨ ਕਿ ਅਸੀਂ ਮਾਤਾ ਜੀ ਨੂੰ ਅਤੇ ਇਲਾਜ ਵਾਲੇ ਸਿਸਟਮ ਨੂੰ ਡਿਸਟਰਬ ਕਰੀਏ। ਡਾਕਟਰਾਂ ਦੀ ਗੱਲ ਮੰਨਣੀ ਅਸੂਲੀ ਪੱਖੋਂ ਵੀ ਠੀਕ ਹੁੰਦੀ ਹੈ।  ਇਸ ਲਈ ਉਸ ਦਿਨ ਵੀ ਅਸੀਂ ਲੋਕ ਮਾਤਾ ਜੀ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ। 

ਇਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਇਹਨਾਂ ਦਰਸ਼ਨਾਂ ਵਿੱਚ ਸਿਰਫ ਰਸਮੀ ਸੋਚ ਜਾਂ ਆਸਥਾ ਨਹੀਂ ਹੁੰਦੀ। ਅਸਲ ਵਿੱਚ ਇਹਨਾਂ ਦਰਸ਼ਨਾਂ ਮੌਕੇ ਜਿਹੜੀ ਮਨੋਅਵਸਥਾ ਬਣਦੀ ਹੈ ਜਿਹੜੀ ਉਸ ਅੰਦਰਲੀ ਚਮਕ ਦੀ ਝਲਕ ਦੇਂਦੀ ਹੈ ਜਿਹੜੀ ਉਹਨਾਂ ਵਿਸ਼ੇਸ਼ ਸ਼ਖਸੀਅਤਾਂ ਦੇ ਚਿਹਰਿਆਂ ਤੇ ਦੇਖੀ ਜਾ ਸਕਦੀ ਹੈ ਪਰ ਫਿਰ ਵੀ ਇਹ ਸਭਨਾਂ ਦੀ ਕਿਸਮਤ ਅਤੇ ਨਸੀਬ ਵਿੱਚ ਨਹੀਂ ਹੁੰਦੀ। ਇਸ ਚਮਕ ਦੇ ਨਾਲ ਕੁਝ ਖਾਸ ਬੱਚਿਆਂ ਅਤੇ ਸਨੇਹੀਆਂ ਲਈ ਕੁਝ ਇੱਛਾਵਾਂ ਵੀ ਵਿਸ਼ੇਸ਼ ਅਸ਼ੀਰਵਾਦ ਦੇ ਰੂਪ ਵਿੱਚ ਹੁੰਦੀਆਂ ਹਨ। 
ਸ਼੍ਰੀਮਤੀ ਮਾਇਆ ਦੇਵੀ ਨੇ ਵੀ ਸਭ ਸੁਖ ਰਾਮ ਹੁੰਦਿਆਂ ਵੀ ਉਹਨਾਂ ਸੰਘਰਸ਼ਾਂ ਨੂੰ ਨੇੜੇ ਹੋ ਕੇ ਦੇਖਿਆ ਸੀ ਜਿਹੜੇ ਸੰਘਰਸ਼ ਲੋਕ ਭਲੇ ਲਈ ਸਨ। ਮੌੜ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਨੇ ਵੀ ਲੋਕ ਭਲੇ ਦੇ ਰਾਹਾਂ  'ਤੇ ਚੱਲਦਿਆਂ ਉਮਰਾਂ ਲਾਈਆਂ ਹਨ। ਕਦੇ ਸਰਕਾਰ ਦੀਆਂ ਸਖਤੀਆਂ ਅਤੇ ਕਦੇ ਫਿਰਕੂ ਤਾਕਤਾਂ ਦੇ ਹੱਲੇ। ਰਸਤੇ ਕਦੇ ਵੀ ਆਸਾਨ ਨਹੀਂ ਸਨ। 

ਸਿਆਸੀ ਜ਼ਿੰਦਗੀ ਬਸਰ ਕਰਦਿਆਂ ਕਾਮਰੇਡਾਂ ਦੇ ਰਾਹ ਜ਼ਿਆਦਾ ਔਖੇ ਹੁੰਦੇ ਹਨ। ਕਮਿਊਨਿਸਟਾਂ ਦੀ ਜ਼ਿੰਦਗੀ ਵਿੱਚ ਕੁਰਬਾਨੀਆਂ ਅਤੇ ਮੁਸ਼ਕਲਾਂ ਆਮ ਤੌਰ 'ਤੇ ਕਿਸੇ ਨ ਕਿਸੇ ਤਰ੍ਹਾਂ ਸਾਹਮਣੇ ਆ ਹੀ ਜਾਂਦੀਆਂ ਹਨ। ਬਿਖੜੇ ਪੈਂਡੇ ਬਾਰ ਬਾਰ ਆਪਣਾ ਅਹਿਸਾਸ ਕਰਵਾਉਂਦੇ ਹਨ। ਲੋਕ ਇਹਨਾਂ ਤੋਂ ਪ੍ਰੇਰਣਾ ਵੀ ਲੈਂਦੇ ਹਨ। ਇਸ ਤਰ੍ਹਾਂ ਹੱਕ ਸੱਚ 'ਤੇ ਲਗਾਤਾਰ ਪਹਿਰਾ ਦੇਣ ਵਾਲਾ ਇਹ ਕਾਫ਼ਿਲਾ ਇੱਕ ਸਦੀ ਤੋਂ ਵੀ ਵਧੇਰੇ ਸਮੇਂ ਤੋਂ ਚੱਲਦਾ ਆ ਰਿਹਾ ਹੈ। 

ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ  ਲੁਧਿਆਣਾ ਇਕਾਈ ਦੇ ਸਕੱਤਰ ਸਾਥੀ ਡੀ ਪੀ ਮੌੜ  ਨੇ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਮਾਤਾ ਜੀ ਸ਼੍ਰੀਮਤੀ ਮਾਇਆ ਦੇਵੀ ਜੀ ਨੂੰ ਅੰਤਿਮ ਵਿਦਾ ਆਖੀ ਵੀ ਅਤੇ ਲਈ ਵੀ। ਇਸ ਮੌਕੇ ਮਾਤਾ ਜੀ ਦੀ ਉਮਰ 95 ਸਾਲ ਦੀ ਸੀ। ਅੰਤਿਮ ਦਰਸ਼ਨਾਂ ਮੌਕੇ ਕਾਮਰੇਡ ਡੀ ਪੀ ਮੌੜ ਦੀ ਚਿਹਰੇ ਅਤੇ ਅੱਖਾਂ ਵਿੱਚ ਉਹ ਚਮਕ ਸੀ ਜਿਹੜੀ ਕਿਸੇ ਮਿਸ਼ਨ ਪੱਖੋਂ ਸੁਰਖਰੂ ਹੋਣ ਵੇਲੇ ਹੀ ਹੁੰਦੀ ਹੈ। ਲੱਗਦਾ ਸੀ ਮੌੜ ਸਾਹਿਬ ਮਾਂ ਦੇ ਮਨ ਦੀਆਂ ਅੱਖਾਂ ਵਿੱਚ ਦੇਖਦਿਆਂ ਅਤੇ ਚੜ੍ਹ ਵੰਡਣਾ ਕਰਦਿਆਂ ਦੇਖ ਮਾਂ ਅਸੀਂ ਤੇਰੀ ਸਿੱਖਿਆ ਨੂੰ ਕਦੇ ਭੁਲਾਇਆ ਤਾਂ ਨਹੀਂ। ਅਸੀਂ ਲੋਕਾਂ ਦੀ ਭਲਾਈ ਦੇ ਰਾਹਾਂ 'ਤੇ ਤੁਰਦਿਆਂ ਆਪਣੀ ਪਿੱਠ ਕਦੇ ਪਿਛੇ ਭੁਆਈ ਤਾਂ ਨਹੀਂ। ਅਸੀਂ ਹਮੇਸ਼ਾਂ ਅੱਗੇ ਹੋ ਕੇ ਇਹ ਲੜਾਈ ਲੜੀ। ਇਸ ਦ੍ਰਿੜਤਾ ਪਿੱਛੇ ਵਿਚਾਰਧਾਰਾ ਦਾ ਵੀ ਅਸਰ ਸੀ ਅਤੇ ਮਾਂ ਦੀ ਸਿੱਖਿਆ ਦਾ ਵੀ। ਹੀਰੋ ਦੀ ਐਮ ਸੀ ਹਾਰਟ ਸੈਂਟਰ ਵਾਲੇ ਹਸਪਤਾਲ ਵਿਚ ਮਾਤਾ ਜੀ ਦੇ ਅੰਤਲੇ ਦਿਨਾਂ ਵਿੱਚ ਵੀ ਮੌੜਾ ਸਾਹਿਬ, ਉਹਨਾਂ ਦਾ ਪਰਿਵਾਰ ਅਤੇ ਉਹਨਾਂ ਦੇ ਸਾਥੀ ਹਮੇਸ਼ਾਂ ਅਡੋਲਤਾ ਵਾਲੀ ਭਾਵਨਾ ਵਿੱਚ ਰਹੇ। ਸਾਡੀ ਇਸ ਲੋਕ ਪੱਖੀ ਟੀਮ ਦੇ ਸਭ ਤੋਂ ਵੱਧ ਸਰਗਰਮ ਸਾਥੀ ਡਾਕਟਰ ਅਰੁਣ ਮਿੱਤਰਾ ਅਤੇ ਕਾਮਰੇਡ ਐਮ ਐਸ ਭਾਟੀਆਂ ਹਮੇਸ਼ਾਂ ਮੌੜ ਸਾਹਿਬ ਦੇ ਅੰਗਸੰਗ ਵੀ ਸਨ। 
ਇਹ ਗੱਲ ਮਾਤਾ ਜੀ ਨੇ ਵੀ ਮਹਿਸੂਸ ਕੀਤੇ ਹੋਣੀ ਹੈ ਕਿ ਮੇਰੇ ਇਸ ਕਾਮਰੇਡ ਪੁੱਤਰ ਦੇ ਦੋਸਤ ਅਤੇ ਸਾਥੀ ਹਰ ਸੁੱਖ ਦੁੱਖ ਵਿੱਚ ਨਾਲ ਨਿਭੇ ਹਨ।  

No comments:

Post a Comment