By WhatsApp on Wednesday 26th November 2025 at 13:34 From Kanwaljeet Khanna
ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਕਿਰਤ ਕੋਡਾਂ ਦੀਆਂ ਕਾਪੀਆਂ ਫੂਕੀਆਂ
ਜਗਰਾਓਂ: 26 ਨਵੰਬਰ 2025: (ਮੀਡੀਆ ਲਿੰਕ ਰਵਿੰਦਰ//ਜਨਤਾ ਸਕਰੀਨ ਡੈਸਕ)::
ਪੰਜਾਬ ਵਿੱਚ ਲੋਕ ਸੰਘਰਸ਼ਾਂ ਦੇ ਜਿਹੜੇ ਕੇਂਦਰ ਬਣੇ ਹੋਏ ਹਨ ਉਹਨਾਂ ਵਿੱਚ ਇੱਕ ਜਗਰਾਓਂ ਵੀ ਹੈ। ਹੱਕ ਸੱਚ ਅਤੇ ਇਨਸਾਫ ਲਈ ਆਵਾਜ਼ ਬੁਲੰਦ ਕਰਨ ਦੀ ਹਿੰਮਤ ਸ਼ਾਇਦ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਗੁੜ੍ਹਤੀ ਵਿੱਚ ਹੀ ਮਿਲੀ ਹੁੰਦੀ ਹੈ। ਵੇਲਾ ਭਾਵੇਂ ਲਾਲਾ ਲਾਜਪਤ ਰਾਏ ਦਾ ਹੋਵੇ ਅਤੇ ਭਾਵੇਂ ਜਸਵੰਤ ਸਿੰਘ ਕੰਵਲ ਹੁਰਾਂ ਦੀ ਕਲਮ ਵਾਲਾ ਹੋਵੇ ਇਥੋਂ ਸੱਚ ਦੀ ਆਵਾਜ਼ ਬੁਲੰਦ ਹੁੰਦੀ ਹੀ ਰਹੀ ਹੈ। ਹੁਣ ਇੱਕ ਵਾਰ ਫੇਰ ਦੇਸ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਇਕਮੁੱਠ ਹੋ ਕੇ ਸੜਕਾਂ ਤੇ ਨਿਕਲ ਆਈਆਂ ਹਨ। ਇਹ ਸੱਦਾ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਹੋਇਆ ਸੀ।
ਕਿਸਾਨ ਮੋਰਚੇ ਦੇ ਸੱਦੇ 'ਤੇ ਜਗਰਾਓਂ ਬੱਸ ਸਟੈਂਡ ਵਿਖੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਿਰਤ ਕੋਡਾਂ ਦੇ ਖਿਲਾਫ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇਂ ਵੱਖ ਵੱਖ ਅਦਾਰਿਆਂ ਤੋਂ ਆਏ ਮਜ਼ਦੂਰਾਂ ਮੁਲਾਜ਼ਮਾਂ ਅਤੇ ਜਮਹੂਰੀ ਕਾਰਕੁਨਾਂ ਦੀ ਰੈਲੀ ਨੂੰ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਏਟਕ ਦੇ ਸੂਬਾਈ ਆਗੂ ਗੁਰਦੀਪ ਸਿੰਘ ਮੌਤੀ, ਜਮਹੂਰੀ ਕਿਸਾਨ ਸਭਾ ਦੇ ਆਗੂ ਗੂਰਮੇਲ ਸਿੰਘ ਰੂਮੀ, ਫੂਡ ਅਟੈਂਡ ਅਲਾਈਡ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਬਿੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਮਜ਼ਦੂਰ ਜਮਾਤ ਵੱਲੋਂ ਰੋਕੇ ਹੋਏ ਚਾਰ ਕਿਰਤ ਕੋਡ ਕਿਰਤੀ ਵਰਗ ਦੇ ਨਿਰੰਤਰ ਵਿਰੋਧ ਦੇ ਬਾਵਜੂਦ ਹੁਣ ਇਸ ਸਰਕਾਰ ਵਲੋਂ ਲਾਗੂ ਕਰ ਦਿੱਤੇ ਗਏ ਹਨ।
ਪੁਰਾਣੇ ਚੱਲੇ ਆ ਰਹੇ 29 ਕਿਰਤ ਕਨੂੰਨਾਂ ਨੂੰ ਕਾਰਪੋਰੇਟ ਪੂੰਜੀਵਾਦ ਦੇ ਹੱਕ ਚ ਪੂਰੀ ਤਰ੍ਹਾਂ ਬਦਲ ਕੇ ਕਿਰਤੀ ਵਰਗ ਨਾਲ ਮੋਦੀ ਹਕੂਮਤ ਨੇ ਡਾਢਾ ਧ੍ਰੋਹ ਕਮਾਇਆ ਹੈ। ਉਨਾਂ ਕਿਹਾ ਕਿ ਦੇਸੀ ਵਿਦੇਸ਼ੀ ਕਾਰਪੋਰੇਟਰਾਂ ਦੇ ਹੱਕ ਚ ਲਿਆਂਦੇ ਇਨਾਂ ਕਿਰਤ ਕੋਡਾਂ ਦਾ ਮਕਸਦ ਕਿਰਤੀ ਵਰਗ ਨੂੰ ਮਾਲਕਾਂ ਦੇ ਗੁਲਾਮ ਬਨਾਉਣਾ ਹੈ। ਡਿਊਟੀ ਘੰਟੇ 8 ਤੋਂ 12 ਕਰ ਦੇਣ, ਤਨਖਾਹ ਮਾਸਕ 26600 ਦੀ ਥਾਂ ਸਿਰਫ਼ 178 ਰੁਪਏ ਦਿਹਾੜੀ ਕਰ ਦੇਣ, ਯੂਨੀਅਨ ਬਨਾਉਣ ਦਾ, ਧਰਨਾ, ਹੜਤਾਲ ਦਾ ਹੱਕ ਖੋਹ ਕੇ ਕਾਮਿਆਂ ਨੂੰ ਮਾਲਕਾਂ ਦੇ ਰਹਿਮੋ ਕਰਮ ਤੇ ਛੱਡ ਦੇਣਾ ਹੈ।
ਈ ਪੀ ਐਫ,ਹੈ ਐਸ ਆਈ , ਮੈਡੀਕਲ ਸਹੂਲਤਾਂ ਜਿਹੇ ਹੱਕਾਂ ਦਾ ਭੋਗ ਪਾ ਦੇਣ ਦਾ ਅਰਥ ਕਿਰਤੀ ਦੀ ਮੌਤ ਤੇ ਮਾਲਕਾਂ ਦੀ ਅਯਾਸ਼ੀ ਹੈ। ਮੋਦੀ ਸਰਕਾਰ ਵਲੋ ਸਾਰੇ ਸਰਕਾਰੀ ਵਿਭਾਗਾਂ ਦਾ ਕਰ ਦਿੱਤਾ ਗਿਆ ਨਿਜੀਕਰਨ, ਠੇਕੇਦਾਰੀਕਰਨ ਦੇਸ ਦੇ ਕਰੋੜਾਂ ਕਿਰਤੀਆਂ ਨੂੰ ਨਰਕੀਂ ਜ਼ਿੰਦਗੀ ਵੱਲ ਲੈ ਕੇ ਜਾ ਰਿਹਾ ਹੈ, ਇਸੇ ਲਈ ਉਨ੍ਹਾਂ ਤੋਂ ਵਿਰੋਧ ਦਾ ਹੱਕ ਖੋਹਣ ਲਈ ਇਹ ਕਿਰਤ ਕੋਡ ਲਿਆਂਦੇ ਗਏ ਹਨ।
ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਕਿਸਾਨ ਮੌਰਚੇ ਦੀ ਮਹਾਰੈਲੀ ਚ ਵੀ ਇਹ ਮੁੱਦਾ ਜੋਰ ਸੋਰ ਨਾਲ ਉਠਾ ਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਪ੍ਰਦਰਸ਼ਨਕਾਰੀਆਂ ਨੇ ਹੋਰ ਸਬੰਧਤ ਮੁੱਦੇ ਵੀ ਉਠਾਏ। ਉਹਨਾਂ ਜਲੰਧਰ ਦੀ ਮਾਸੂਮ ਬੱਚੀ ਦੇ ਵਹਿਸ਼ੀ ਬਲਾਤਕਾਰੀ ਤੇ ਕਾਤਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।
ਉਨ੍ਹਾਂ ਨੇ ਬੀਤੇ ਦਿਨੀਂ ਦਿੱਲੀ ਇੰਡੀਆ ਗੇਟ ਤੇ ਦਿੱਲੀ ਦੇ ਪ੍ਰਦੁਸ਼ਣ ਖਿਲਾਫ ਪ੍ਰਦਰਸ਼ਨ ਕਰ ਰਹੇ ਮੁਜ਼ਾਹਰਾਕਾਰੀਆਂ ਤੇ ਢਾਹੀਂ ਹੈਵਾਨੀਅਤ ਅਤੇ ਗ੍ਰਿਫ਼ਤਾਰੀਆਂ ਦੀ ਸਖ਼ਤ ਨਿੰਦਾ ਕਰਦਿਆਂ ਦਿੱਲੀ ਦੀ ਭਾਜਪਾ ਸਰਕਾਰ ਦੀ ਜ਼ੋਰਦਾਰ ਨਿੰਦਾ ਕੀਤੀ। ਇਸ ਐਕਸ਼ਨ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਜੀ ਕੀ ਰੋਡ ਤਕ ਮਾਰਚ ਕਰਕੇ ਮੇਨ ਚੌਕ ਵਿੱਚ ਕਿਰਤ ਕੋਡਾਂ ਦੀਆਂ ਕਾਪੀਆਂ ਫੂਕ ਕੇ ਜੋਰਦਾਰ ਨਾਹਰਿਆਂ ਦੀ ਗੂੰਜ ਚ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ।
ਇਸ ਸਮੇਂ ਗੱਲਾਂ ਮਜ਼ਦੂਰ ਆਗੂ ਦੇਵਰਾਜ, ਦਿਹਾਤੀ ਮਜ਼ਦੂਰ ਹੁਕਮ ਰਾਜ ਦੇਹੜਕਾ,ਟੀ ਐਸ ਯੂ ਆਗੂ ਭੁਪਿੰਦਰ ਸਿੰਘ ਸ਼ੇਖੋਂ, ਪੈਨਸ਼ਨਰਜ ਐਸੋਸੀਏਸ਼ਨ ਦੇ ਆਗੂ ਅਵਤਾਰ ਸਿੰਘ ਗਗੜਾ, ਅਸ਼ੋਕ ਭੰਡਾਰੀ, ਜਸਵੰਤ ਸਿੰਘ ਕਲੇਰ, ਸਵਰਨ ਸਿੰਘ ਹਠੂਰ, ਜਗਦੀਸ਼ ਸਿੰਘ ਕਾਉਂਕੇ, ਮਾਸਟਰ ਅਵਤਾਰ ਸਿੰਘ ਆਦਿ ਹਾਜ਼ਰ ਸਨ।

No comments:
Post a Comment