Wednesday, November 26, 2025

ਨਵੇਂ ਕਿਰਤ ਕਾਨੂੰਨਾਂ ਦੇ ਖਿਲਾਫ ਮਜ਼ਦੂਰ ਸੰਗਠਨ ਤਿੱਖੇ ਰੋਸ ਅਤੇ ਰੋਹ ਵਿੱਚ

By WhatsApp on Wednesday 26th November 2025 at 13:34 From Kanwaljeet Khanna  

ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਕਿਰਤ ਕੋਡਾਂ  ਦੀਆਂ ਕਾਪੀਆਂ ਫੂਕੀਆਂ 


ਜਗਰਾਓਂ
: 26 ਨਵੰਬਰ 2025: (ਮੀਡੀਆ ਲਿੰਕ ਰਵਿੰਦਰ//ਜਨਤਾ ਸਕਰੀਨ ਡੈਸਕ)::

ਪੰਜਾਬ ਵਿੱਚ ਲੋਕ ਸੰਘਰਸ਼ਾਂ ਦੇ ਜਿਹੜੇ ਕੇਂਦਰ ਬਣੇ ਹੋਏ ਹਨ ਉਹਨਾਂ ਵਿੱਚ ਇੱਕ ਜਗਰਾਓਂ ਵੀ ਹੈ। ਹੱਕ ਸੱਚ ਅਤੇ ਇਨਸਾਫ ਲਈ ਆਵਾਜ਼ ਬੁਲੰਦ ਕਰਨ ਦੀ ਹਿੰਮਤ ਸ਼ਾਇਦ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਗੁੜ੍ਹਤੀ ਵਿੱਚ ਹੀ ਮਿਲੀ ਹੁੰਦੀ ਹੈ। ਵੇਲਾ ਭਾਵੇਂ ਲਾਲਾ ਲਾਜਪਤ ਰਾਏ ਦਾ ਹੋਵੇ ਅਤੇ ਭਾਵੇਂ ਜਸਵੰਤ ਸਿੰਘ ਕੰਵਲ ਹੁਰਾਂ ਦੀ ਕਲਮ ਵਾਲਾ ਹੋਵੇ ਇਥੋਂ ਸੱਚ ਦੀ ਆਵਾਜ਼ ਬੁਲੰਦ ਹੁੰਦੀ ਹੀ ਰਹੀ ਹੈ। ਹੁਣ ਇੱਕ ਵਾਰ ਫੇਰ ਦੇਸ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਇਕਮੁੱਠ ਹੋ ਕੇ ਸੜਕਾਂ ਤੇ ਨਿਕਲ ਆਈਆਂ ਹਨ। ਇਹ ਸੱਦਾ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਹੋਇਆ ਸੀ। 

ਕਿਸਾਨ ਮੋਰਚੇ ਦੇ ਸੱਦੇ 'ਤੇ ਜਗਰਾਓਂ ਬੱਸ ਸਟੈਂਡ ਵਿਖੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਿਰਤ ਕੋਡਾਂ ਦੇ ਖਿਲਾਫ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇਂ ਵੱਖ ਵੱਖ ਅਦਾਰਿਆਂ ਤੋਂ ਆਏ ਮਜ਼ਦੂਰਾਂ ਮੁਲਾਜ਼ਮਾਂ ਅਤੇ ਜਮਹੂਰੀ ਕਾਰਕੁਨਾਂ ਦੀ ਰੈਲੀ ਨੂੰ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਏਟਕ ਦੇ ਸੂਬਾਈ ਆਗੂ ਗੁਰਦੀਪ ਸਿੰਘ ਮੌਤੀ, ਜਮਹੂਰੀ ਕਿਸਾਨ ਸਭਾ ਦੇ ਆਗੂ ਗੂਰਮੇਲ ਸਿੰਘ ਰੂਮੀ, ਫੂਡ ਅਟੈਂਡ ਅਲਾਈਡ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਬਿੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਮਜ਼ਦੂਰ ਜਮਾਤ ਵੱਲੋਂ ਰੋਕੇ ਹੋਏ ਚਾਰ ਕਿਰਤ ਕੋਡ ਕਿਰਤੀ ਵਰਗ ਦੇ ਨਿਰੰਤਰ ਵਿਰੋਧ ਦੇ ਬਾਵਜੂਦ ਹੁਣ ਇਸ ਸਰਕਾਰ ਵਲੋਂ ਲਾਗੂ ਕਰ ਦਿੱਤੇ ਗਏ ਹਨ। 

ਪੁਰਾਣੇ ਚੱਲੇ ਆ ਰਹੇ 29 ਕਿਰਤ ਕਨੂੰਨਾਂ ਨੂੰ ਕਾਰਪੋਰੇਟ ਪੂੰਜੀਵਾਦ ਦੇ ਹੱਕ ਚ ਪੂਰੀ ਤਰ੍ਹਾਂ ਬਦਲ ਕੇ ਕਿਰਤੀ ਵਰਗ ਨਾਲ ਮੋਦੀ ਹਕੂਮਤ ਨੇ ਡਾਢਾ ਧ੍ਰੋਹ ਕਮਾਇਆ ਹੈ। ਉਨਾਂ ਕਿਹਾ ਕਿ ਦੇਸੀ ਵਿਦੇਸ਼ੀ ਕਾਰਪੋਰੇਟਰਾਂ ਦੇ ਹੱਕ ਚ ਲਿਆਂਦੇ ਇਨਾਂ ਕਿਰਤ ਕੋਡਾਂ ਦਾ ਮਕਸਦ ਕਿਰਤੀ ਵਰਗ ਨੂੰ ਮਾਲਕਾਂ ਦੇ ਗੁਲਾਮ ਬਨਾਉਣਾ ਹੈ। ਡਿਊਟੀ ਘੰਟੇ 8 ਤੋਂ 12 ਕਰ ਦੇਣ, ਤਨਖਾਹ ਮਾਸਕ  26600 ਦੀ ਥਾਂ ਸਿਰਫ਼ 178 ਰੁਪਏ ਦਿਹਾੜੀ ਕਰ ਦੇਣ, ਯੂਨੀਅਨ ਬਨਾਉਣ ਦਾ, ਧਰਨਾ, ਹੜਤਾਲ ਦਾ ਹੱਕ ਖੋਹ ਕੇ ਕਾਮਿਆਂ ਨੂੰ ਮਾਲਕਾਂ ਦੇ ਰਹਿਮੋ ਕਰਮ ਤੇ ਛੱਡ ਦੇਣਾ ਹੈ। 

ਈ ਪੀ ਐਫ,ਹੈ ਐਸ ਆਈ , ਮੈਡੀਕਲ ਸਹੂਲਤਾਂ ਜਿਹੇ ਹੱਕਾਂ ਦਾ ਭੋਗ ਪਾ ਦੇਣ ਦਾ ਅਰਥ ਕਿਰਤੀ ਦੀ ਮੌਤ ਤੇ ਮਾਲਕਾਂ ਦੀ ਅਯਾਸ਼ੀ ਹੈ। ਮੋਦੀ ਸਰਕਾਰ ਵਲੋ ਸਾਰੇ ਸਰਕਾਰੀ ਵਿਭਾਗਾਂ ਦਾ ਕਰ ਦਿੱਤਾ ਗਿਆ ਨਿਜੀਕਰਨ, ਠੇਕੇਦਾਰੀਕਰਨ ਦੇਸ ਦੇ ਕਰੋੜਾਂ ਕਿਰਤੀਆਂ ਨੂੰ ਨਰਕੀਂ ਜ਼ਿੰਦਗੀ ਵੱਲ ਲੈ ਕੇ ਜਾ ਰਿਹਾ ਹੈ, ਇਸੇ ਲਈ ਉਨ੍ਹਾਂ ਤੋਂ ਵਿਰੋਧ ਦਾ ਹੱਕ ਖੋਹਣ ਲਈ ਇਹ ਕਿਰਤ ਕੋਡ ਲਿਆਂਦੇ ਗਏ ਹਨ। 

ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਕਿਸਾਨ ਮੌਰਚੇ ਦੀ ਮਹਾਰੈਲੀ ਚ ਵੀ ਇਹ ਮੁੱਦਾ ਜੋਰ ਸੋਰ ਨਾਲ ਉਠਾ  ਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਪ੍ਰਦਰਸ਼ਨਕਾਰੀਆਂ ਨੇ ਹੋਰ ਸਬੰਧਤ ਮੁੱਦੇ ਵੀ ਉਠਾਏ। ਉਹਨਾਂ ਜਲੰਧਰ ਦੀ ਮਾਸੂਮ ਬੱਚੀ ਦੇ ਵਹਿਸ਼ੀ ਬਲਾਤਕਾਰੀ ਤੇ ਕਾਤਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। 

ਉਨ੍ਹਾਂ ਨੇ ਬੀਤੇ ਦਿਨੀਂ ਦਿੱਲੀ ਇੰਡੀਆ ਗੇਟ ਤੇ ਦਿੱਲੀ ਦੇ ਪ੍ਰਦੁਸ਼ਣ ਖਿਲਾਫ ਪ੍ਰਦਰਸ਼ਨ ਕਰ ਰਹੇ ਮੁਜ਼ਾਹਰਾਕਾਰੀਆਂ ਤੇ  ਢਾਹੀਂ ਹੈਵਾਨੀਅਤ ਅਤੇ ਗ੍ਰਿਫ਼ਤਾਰੀਆਂ ਦੀ ਸਖ਼ਤ ਨਿੰਦਾ ਕਰਦਿਆਂ ਦਿੱਲੀ ਦੀ ਭਾਜਪਾ ਸਰਕਾਰ ਦੀ ਜ਼ੋਰਦਾਰ ਨਿੰਦਾ ਕੀਤੀ। ਇਸ ਐਕਸ਼ਨ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਜੀ ਕੀ ਰੋਡ ਤਕ ਮਾਰਚ ਕਰਕੇ ਮੇਨ ਚੌਕ ਵਿੱਚ ਕਿਰਤ ਕੋਡਾਂ ਦੀਆਂ ਕਾਪੀਆਂ ਫੂਕ ਕੇ ਜੋਰਦਾਰ ਨਾਹਰਿਆਂ ਦੀ ਗੂੰਜ ਚ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। 

ਇਸ ਸਮੇਂ  ਗੱਲਾਂ ਮਜ਼ਦੂਰ ਆਗੂ  ਦੇਵਰਾਜ, ਦਿਹਾਤੀ ਮਜ਼ਦੂਰ ਹੁਕਮ ਰਾਜ  ਦੇਹੜਕਾ,ਟੀ ਐਸ ਯੂ ਆਗੂ ਭੁਪਿੰਦਰ ਸਿੰਘ ਸ਼ੇਖੋਂ, ਪੈਨਸ਼ਨਰਜ ਐਸੋਸੀਏਸ਼ਨ ਦੇ ਆਗੂ ਅਵਤਾਰ ਸਿੰਘ ਗਗੜਾ, ਅਸ਼ੋਕ ਭੰਡਾਰੀ, ਜਸਵੰਤ ਸਿੰਘ ਕਲੇਰ, ਸਵਰਨ ਸਿੰਘ ਹਠੂਰ, ਜਗਦੀਸ਼ ਸਿੰਘ ਕਾਉਂਕੇ, ਮਾਸਟਰ ਅਵਤਾਰ ਸਿੰਘ ਆਦਿ ਹਾਜ਼ਰ ਸਨ।

Tuesday, November 25, 2025

ਜਲੰਧਰ ਮਾਸੂਮ ਬੱਚੀ ਦੇ ਬਲਾਤਕਾਰੀ ਕਾਤਲ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ

Sent by WhatsApp on 25th November 2025 at 14:07 From Kanwaljeet Khanna

ਕਿਸੇ ਇੱਕ ਦੀ ਆੜ ਚ ਪੂਰੇ ਮਜ਼੍ਹਬ ਨੂੰ ਦੋਸ਼ੀ ਕਰਾਰ ਦੇਣਾ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ 


ਜਗਰਾਓਂ: 25 ਨਵੰਬਰ 2025: (ਮੀਡੀਆ ਲਿੰਕ ਰਵਿੰਦਰ//ਜਨਤਾ ਸਕਰੀਨ ਡੈਸਕ)::

ਜਲੰਧਰ ਵਿਖੇ ਇੱਕ ਬੱਚੀ ਨਾਲ ਹੋਈ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਰੋਸ ਅਤੇ ਰੋਹ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਜਗਰਾਓਂ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਬੀਤੇ ਦਿਨੀਂ ਜਲੰਧਰ ਵਿਖੇ ਇੱਕ ਤੇਰਾਂ ਸਾਲਾ ਮਾਸੂਮ ਬੱਚੀ ਨਾਲ ਦਾਦੇ ਦੀ ਉਮਰ ਦੇ ਵਿਅਕਤੀ ਵਲੋਂ ਅਪਣੇ ਘਰ ਚ ਬਲਾਤਕਾਰ ਕਰਨ ਅਤੇ ਬਾਦ ਚ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਦੀ ਸਖਤ ਨਿੰਦਾ ਕਰਦਿਆਂ ਦੋਸ਼ੀ ਨੂੰ ਫਾਸਟ ਟਰੈਕ ਕੋਰਟ ਰਾਹੀਂ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। 

ਕਿਸਾਨ ਆਗੂ ਹਰਦੇਵ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਸ ਅਤਿਅੰਤ ਨਿੰਦਨਯੋਗ ਘਟਨਾ ਨੂੰ ਪੰਜਾਬੀਆਂ ਲਈ ਇੱਕ ਵੱਡੀ ਚੁਣੌਤੀ ਤੇ ਧੱਬਾ ਕਰਾਰ ਦਿੱਤਾ ਗਿਆ। ਮੀਟਿੰਗ ਵਿੱਚ ਹਾਜ਼ਰ ਸਮੂਹ ਨੁੰਮਾਇਦਿਆਂ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਇਸ ਵਿਅਕਤੀ ਨੇ ਅੰਮ੍ਰਿਤ ਵੀ ਛਕਿਆ ਹੋਇਆ ਸੀ, ਜੇਕਰ ਇਹ ਸੱਚ ਹੈ ਤਾਂ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਲਈ ਇਹ ਇੱਕ ਵੱਡੀ ਚੁਣੌਤੀ ਹੈ। 

ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਸਾਂਝੀ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਹੁਸ਼ਿਆਰਪੁਰ ਚ  ਇੱਕ ਬੱਚੇ ਨਾਲ ਵਾਪਰੀ ਦਰਦਨਾਕ ਘਟਨਾ ਤੇ ਪ੍ਰਵਾਸੀਆਂ ਨੂੰ ਪੰਜਾਬ ਤੋਂ ਭਜਾਉਣ ਦੇ ਨਾਅਰੇ ਮਾਰਨ ਵਾਲੇ, ਮਜ਼ਦੂਰਾਂ ਨੂੰ ਥਾਂ ਪੁਰ ਥਾਂ ਜ਼ਲੀਲ ਕਰਨ ਵਾਲੇ ਭੱਦਰ ਪੁਰਸ਼ ਹੁਣ ਬਿਲਕੁਲ ਚੁੱਪ ਵੱਟੀ ਬੈਠੇ ਹਨ। ਉਨ੍ਹਾਂ ਕਿਹਾ ਕਿ ਅਤਿਅੰਤਘ੍ਰਿਣਿਤ ਵਿਅਕਤੀ ਕਿਸੇ ਵੀ ਮਜ਼੍ਹਬ ਦੇ ਹੋ ਸਕਦੇ ਹਨ ਪਰ ਇੱਕ ਦੀ ਆੜ ਚ ਪੂਰੇ ਮਜ਼੍ਹਬ ਨੂੰ ਦੋਸ਼ੀ ਕਰਾਰ ਦੇਣਾ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਹੈ। 

ਉਨ੍ਹਾਂ ਕਿਹਾ ਕਿ ਮਰਦ ਪ੍ਰਧਾਨ ਭਾਰਤੀ ਸਮਾਜ ਚ ਔਰਤ ਨੂੰ ਮਹਿਜ ਭੋਗ ਦੀ ਵਸਤੂ ਕਰਾਰ ਦੇਣ ਅਤੇ ਬੱਚੇ ਜੰਮਣ ਵਾਲੀ ਮਸ਼ੀਨ , ਨੁਮਾਇਸ਼ੀ ਵਸਤੂ ਸਮਝਣ ਦੀ ਸੋਚ ਸਾਡੇ ਪੰਜਾਬੀਆਂ ਲਈ ਖਾਸ ਤੌਰ ਤੇ ਵੱਡਾ ਕਲੰਕ ਹੈ। 

ਉਨਾਂ ਕਿਹਾ ਕਿ ਬਿਲਕਿਸ ਬਾਨੋ, ਨਿਰਭੈਆ, ਆਸਿਫਾ, ਕਿਰਨਜੀਤ ਕੌਰ ਮਹਿਲਕਲਾਂ ਜਿਹੀਆਂ ਹਜ਼ਾਰਾਂ ਘਟਨਾਵਾਂ ਹਰ ਰੋਜ਼ ਰਿਸ਼ੀਆਂ ਮੁਨੀਆਂ, ਪੀਰ ਪੈਗੰਬਰਾਂ ਦੀ ਅਖਵਾਉਂਦੀ ਇਸ ਪਵਿੱਤਰ ਧਰਤੀ ਤੇ ਹਰ ਪਲ ਵਾਪਰ ਰਹੀਆਂ ਹਨ। ਸਾਡੇ ਸਮਾਜ ਚ, ਸਾਡੀ ਸੋਚ ਚ ਬਹੁਗਿਣਤੀ ਲੋਕ ਸੜਕ ਤੇ ਤੁਰੀ ਜਾਂਦੀ ਔਰਤ ਨੂੰ ਕੱਪੜਿਆਂ ਤੋਂ ਬਾਹਰ ਹੀ ਚਿਤਵਦੇ ਹਨ। ਸਾਡੀ ਜਗੀਰੂ ਤੇ ਖਪਤਕਾਰੀ ਮਾਨਸਿਕਤਾ ਨੇ ਸਾਡੇ ਰਿਸ਼ਤਿਆਂ, ਸਾਡੇ ਵਿਸ਼ਵਾਸ਼ਾਂ, ਸਾਡੀ ਨੈਤਿਕਤਾ ਨੂੰ ਤਹਿਸ ਨਹਿਸ ਕਰ ਦਿੱਤਾ ਹੈ। 

ਵੱਡੇ, ਗੰਭੀਰ ਤੇ ਚੂਣੌਤੀ ਪੁਰਣ ਸਵਾਲ ਨੂੰ ਸੰਬੋਧਿਤ ਹੋਣ ਅਤੇ ਇਨ੍ਹਾਂ ਹਿਰਦੇ ਵੇਦਕ ਮੁੱਦਿਆਂ ਤੇ ਲੋਕਾਂ ਨੂੰ ਹਲੂਨਣ ਦਾ ਕਾਰਜ ਵਿੱਤੋ ਵੱਡਾ ਹੈ। ਸੋਸ਼ਲ ਮੀਡੀਆ ਤੇ ਜਵਾਨੀ ਅਤੇ ਆਮ ਲੋਕਾਂ ਦੇ ਦਿਮਾਗਾਂ ਨੂੰ ਪਰੋਸਿਆ ਜਾ ਰਿਹਾ ਗੰਦ ਵੀ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਹੈ। 

ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮੁੱਦੇ ਤੇ ਇੱਕ ਵੱਡੀ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਗੁਰਮੇਲ ਸਿੰਘ ਰੂਮੀ, ਦਸਮੇਸ਼ ਮਜ਼ਦੂਰ ਕਿਸਾਨ ਯੂਨੀਅਨ ਦੇ ਗੁਰਦਿਆਲ ਸਿੰਘ ਤਲਵੰਡੀ, ਪੈਨਸ਼ਨਰਜ ਐਸੋਸੀਏਸ਼ਨ ਦੇ ਅਵਤਾਰ ਸਿੰਘ ਗਗੜਾ, ਪਾਲ ਸਿੰਘ ਮਲਕ ਆਦਿ ਹਾਜ਼ਰ ਸਨ।