Friday, January 3, 2014

ਲੋਕਾਂ ਦੇ ਇੱਕ ਛੱਤ ਹੇਠ ਬਣਾਏ ਆਧਾਰ ਕਾਰਡ ਤੇ ਖੋਲੇ ਬੈਂਕ ਖ਼ਾਤੇ

Fri, Jan 3, 2014 at 5:54 PM
 *ਸਿੱਧੀ ਸਬਸਿਡੀ ਦਾ ਲਾਹਾ ਲੈਣ ਲਈ ਖ਼ਪਤਕਾਰ ਆਪਣੇ ਬੈਂਕ ਖ਼ਾਤੇ ਆਧਾਰ ਕਾਰਡ ਨਾਲ ਜੋੜਨ 
ਲੁਧਿਆਣਾ, 3 ਦਸੰਬਰ  ( ਸਤਪਾਲ ਸੋਨੀ //ਜਨਤਾ ਸਕਰੀਨ) :
ਘਰੇਲੂ ਗੈਸ ਦੇ ਸਾਰੇ ਖ਼ਪਤਕਾਰਾਂ ਦੇ ਬਹੁਮੰਤਵੀ ਆਧਾਰ ਕਾਰਡ ਬਣਾਉਣ ਅਤੇ ਬੈਂਕਾਂ ਤੇ ਗੈਸ ਏਜੰਸੀਆਂ ਨਾਲ ਲਿੰਕ ਕਰਾਉਣ ਦੀ ਕਵਾਇਦ ਨੂੰ ਤੇਜ਼ ਕਰਨ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਉਪਰਾਲਾ ਕੀਤਾ ਗਿਆ, ਜਿਸ ਤਹਿਤ ਅੱਜ ਪਿੰਡ ਲੁਹਾਰਾ ਦੇ ਸਿਮਰਨ ਪੈਲੇਸ ਵਿਖੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲੋਕਾਂ ਦੇ ਆਧਾਰ ਕਾਰਡ ਲਈ ਫਾਰਮ ਭਰੇ ਅਤੇ ਉਨਾਂ ਦੇ ਮੌਕੇ ’ਤੇ ਬੈਂਕ ਖਾਤੇ ਖੋਲ ਕੇ ਉਨਾਂ ਨੂੰ ਆਧਾਰ ਕਾਰਡ ਨਾਲ ਜੋੜਿਆ ਗਿਆ। ਇਸ ਕੈਂਪ ਦਾ ਉਦਘਾਟਨ ਸ੍ਰ. ਇਕਬਾਲ ਸਿੰਘ ਭਾਟੀਆ, ਜਨਰਲ ਮੈਨੇਜਰ ਐੱਲ. ਐੱਚ. ਓ. ਨੇ ਕੀਤਾ।
ਪੰਜਾਬ ਐਂਡ ਸਿੰਧ ਬੈਂਕ (ਲੀਡ ਬੈਂਕ) ਦੇ ਜ਼ੋਨਲ ਮੈਨੇਜਰ ਸ੍ਰ. ਜਗਜੀਤ ਸਿੰਘ ਭੱਲਾ ਨੇ ਦੱਸਿਆ ਕਿ ਇਹ ਕੈਂਪ ਅਣਮਿਥੇ ਸਮੇਂ ਲਈ ਲਗਾਇਆ ਗਿਆ ਹੈ, ਜਿਸ ਵਿੱਚ 20 ਦੇ ਕਰੀਬ ਮਸ਼ੀਨਾਂ ਲਗਾਈਆਂ ਗਈਆਂ ਹਨ, ਜੋ ਕਿ ਲਗਾਤਾਰ ਖਪਤਕਾਰਾਂ ਦੇ ਆਧਾਰ ਕਾਰਡ ਬਣਾਉਣ ਲਈ ਚੱਲਦੀਆਂ ਰਹਿਣਗੀਆਂ। ਇਸ ਇਲਾਕੇ ਦੇ ਬਹੁਤੇ ਲੋਕਾਂ ਨੇ ਹਾਲੇ ਤੱਕ ਆਪਣੇ ਆਧਾਰ ਕਾਰਡ ਨਹੀਂ ਬਣਵਾਏ ਸਨ। ਜਿੰਨੇ ਲੋਕਾਂ ਨੇ ਇਹ ਕਾਰਡ ਬਣਵਾਏ ਵੀ ਸਨ, ਉਹਨਾਂ ਵਿੱਚੋਂ ਜਿਆਦਾਤਰ ਨੇ ਗੈਸ ਏਜੰਸੀਆਂ ਅਤੇ ਬੈਂਕ ਵਾਲਿਆਂ ਕੋਲ ਆਪਣਾ ਆਧਾਰ ਨੰਬਰ ਦਰਜ ਨਹੀਂ ਕਰਾਇਆ ਸੀ, ਜਿਸ ਕਾਰਨ ਸਿੱਧੀ ਸਬਸਿਡੀ ਵਾਲੀ ਸਕੀਮ ਦਾ ਲੋਕਾਂ ਨੂੰ ਬਹੁਤਾ ਲਾਹਾ ਨਹੀਂ ਮਿਲਣਾ ਸੀ ਅਤੇ ਖਪਤਕਾਰਾਂ ਨੂੰ ਸਬਸਿਡੀ ਲੈਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੀ। ਇਸੇ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਹੀ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਇਹ ਸਾਂਝਾ ਕੈਂਪ ਲਗਾਇਆ ਗਿਆ ਹੈ, ਜਿਸ ਦਾ ਲੋਕ ਸਵੇਰ ਤੋਂ ਹੀ ਭਾਰੀ ਲਾਹਾ ਲੈ ਰਹੇ ਹਨ।
ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਜ਼ਿਲੇ ਦੀਆਂ ਸਾਰੀਆਂ 50 ਬੈਂਕਾਂ ਵੱਲੋਂ ਕਾੳੂਂਟਰ ਲਗਾਏ ਗਏ ਹਨ। ਵੱਡੀ ਗਿਣਤੀ ਵਿੱਚ ਪਹੁੰਚ ਰਹੇ ਖਪਤਕਾਰਾਂ ਨੂੰ ਬੈਂਕਾਂ ਵਾਲੇ ਆਪਣੀਆਂ-ਆਪਣੀਆਂ ਗਾਹਕ ਹਿਤੁੂ ਸਕੀਮਾਂ ਦੱਸ ਕੇ ਉਨਾਂ ਦੇ ਬੈਂਕ ਖਾਤੇ ਖੋਲ ਰਹੇ ਹਨ। ਖਪਤਕਾਰ ਕਿਸੇ ਵੀ ਬੈਂਕ ਵਿੱਚ ਆਪਣਾ ਖ਼ਾਤਾ ਖੁਲਵਾ ਸਕਦਾ ਹੈ, ਜਦਕਿ ਗੈਸ ਏਜੰਸੀਆਂ ਨੂੰ ਵੀ ਸੰਬੰਧਤ ਖਪਤਕਾਰਾਂ ਦੇ ਆਧਾਰ ਕਾਰਡ ਨੰਬਰ ਦਿੱਤੇ ਜਾ ਰਹੇ ਹਨ। ਅੱਜ ਪਹਿਲੇ ਦਿਨ 1000 ਤੋਂ ਵਧੇਰੇ ਖਪਤਕਾਰਾਂ ਦੇ ਆਧਾਰ ਕਾਰਡ ਬਣਾਉਣ ਲਈ ਫਾਰਮ ਅਤੇ ਨਮੂਨੇ ਲਏ ਗਏ, ਜਦਕਿ 2300 ਤੋਂ ਵਧੇਰੇ ਆਧਾਰ ਕਾਰਡ ਧਾਰਕਾਂ ਦੇ ਖਾਤੇ ਖੁਲਵਾਉਣ ਦੇ ਨਾਲ-ਨਾਲ ਆਧਾਰ ਨੰਬਰ ਗੈਸ ਏਜੰਸੀਆਂ ਨਾਲ ਲਿੰਕ ਕਰਵਾਏ ਗਏ।
ਉਨਾਂ ਦੱਸਿਆ ਕਿ ਭਾਰਤ ਦੇ ਪੈਟਰੋਲੀਅਮ ਮੰਤਰਾਲੇ ਵੱਲੋਂ ਐੱਲ. ਪੀ. ਜੀ. ਖ਼ਪਤਕਾਰਾਂ ਨੂੰ ਨਵੇਂ ਕੁਨੈਕਸ਼ਨ ਅਤੇ ਗੈਸ ’ਤੇ ਸਬਸਿਡੀ ਸਿੱਧੀ ਉਨਾਂ ਦੇ ਖ਼ਾਤਿਆਂ ਵਿੱਚ ਪਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜ਼ਿਲਾ ਲੁਧਿਆਣਾ ’ਚ ਸਫ਼ਲ ਬਣਾਉਣ ਲਈ ਜ਼ਿਲਾ ਪ੍ਰਸਾਸ਼ਨ ਹਰ ਸੰਭਵ ਯਤਨ ਕੀਤਾ ਜਾਵੇਗਾ। ਕਿਸੇ-ਕਿਸੇ ਇਲਾਕੇ ਵਿੱਚ ਐੱਲ. ਪੀ. ਜੀ. ਖ਼ਪਤਕਾਰ ਆਪਣੇ ਆਧਾਰ ਕਾਰਡ ਨੂੰ ਬੈਂਕ ਖ਼ਾਤੇ ਨਾਲ ਜੁੜਵਾਉਣ ਵਿੱਚ ਘੱਟ ਦਿਲਚਸਪੀ ਲੈ ਰਹੇ ਹਨ, ਜਿਸ ਨਾਲ ਇਸ ਸਕੀਮ ਨੂੰ ਲਾਗੂ ਕਰਨ ਵਿੱਚ ਸਮੱਸਿਆ ਪੇਸ਼ ਆ ਰਹੀ ਹੈ। ਸ੍ਰ. ਭੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਖ਼ਪਤਕਾਰਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ, ਉਹ ਜਲਦੀ ਤੋਂ ਜਲਦੀ ਆਪਣੇ ਆਧਾਰ ਕਾਰਡ ਬਣਵਾ ਲੈਣ। ਜ਼ਿਲੇ ਵਿੱਚ ਇਸ ਵੇਲੇ ਕਈ ਸਥਾਨਾਂ ’ਤੇ ਇਹ ਕਾਰਡ ਬਣਾਉਣ ਲਈ ਕੇਂਦਰ ਖੋਲੇ ਹੋਏ ਹਨ, ਜਿਥੇ ਰੋਜ਼ਾਨਾ ਕਾਰਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜਿਨਾਂ ਖ਼ਪਤਕਾਰਾਂ ਦੇ ਕਾਰਡ ਹਾਲੇ ਬਣ ਕੇ ਨਹੀਂ ਆਏ ਹਨ, ਉਹ ਆਪਣੇ ਗੈਸ ਏਜੰਸੀ ਨਾਲ ਸਿੱਧਾ ਰਾਬਤਾ ਕਰਕੇ ਉਨਾਂ ਕੋਲ ਆਪਣੇ ਅਪਲਾਈ ਕੀਤੇ ਆਧਾਰ ਕਾਰਡ ਦੀ ਰਸੀਦ ਦੀ ਕਾਪੀ ਜਮਾਂ ਕਰਵਾ ਸਕਦੇ ਹਨ, ਤਾਂ ਜੋ ਉਨਾਂ ਨੂੰ ਸਿੱਧੀ ਸਬਸਿਡੀ ਵਾਲੀ ਪ੍ਰਕਿਰਿਆ ਵਿੱਚ ਪਾ ਲਿਆ ਜਾਵੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। 

No comments:

Post a Comment