H S Dalla Saturday 9th November 2024 at 00:11 WhatsApp Noise Pollutions Kharar Mohali
ਲਗਾਤਾਰ ਵਧ ਰਹੇ ਸ਼ੋਰ ਪ੍ਰਦੂਸ਼ਣ ਖਿਲਾਫ ਸਭਨਾਂ ਨੂੰ ਅੱਗੇ ਆਉਣ ਦਾ ਸੱਦਾ
ਬਹੁਤ ਸਾਰੇ ਸੰਕਟਾਂ ਅਤੇ ਮੁਸ਼ਕਲਾਂ ਦੇ ਬਾਵਜੂਦ ਅਖਬਾਰਾਂ ਰਸਾਲੇ ਵੀ ਨਿਕਲ ਰਹੇ ਹਨ ਅਤੇ ਕਿਤਾਬਾਂ ਵੀ ਛਪ ਰਹੀਆਂ ਹਨ। ਲੇਖਕਾਂ ਅਤੇ ਸੰਪਾਦਕਾਂ ਦੀਆਂ ਇਕੱਤਰਤਾਵਾਂ ਅਤੇ ਹੋਰ ਪ੍ਰੋਗਰਾਮ ਵੀ ਹੋ ਰਹੇ ਹਨ ਪਰ ਇਹਨਾਂ ਵਿੱਚੋਂ ਕਿੰਨੇ ਕੁ ਕਲਮਕਾਰ ਹਨ ਜਿਹੜੇ ਲੋਕ ਮਸਲਿਆਂ ਸਿੱਧੇ ਤੌਰ ਤੇ ਜੁੜੇ ਹੋਏ ਹਨ? ਹਾਲਾਂਕਿ ਅਜਿਹੇ ਲੋਕ ਬਹੁਤ ਹੀ ਘੱਟ ਹਨ ਪਰ ਫਿਰ ਵੀ ਅਜੇ ਤੱਕ ਸਰਗਰਮ ਹਨ। ਖਰੜ, ਮੋਹਾਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਅਜਿਹੇ ਕੀਮਤੀ ਲੋਕਾਂ ਵਿੱਚੋਂ ਇੱਕ ਹਨ ਹਰਨਾਮ ਸਿੰਘ ਡੱਲਾ।
ਬੈਂਕਿੰਗ ਸੈਕਟਰ ਵਿੱਚੋਂ ਰਿਟਾਇਰ ਹੋਏ ਹਨ। ਚਾਹੁੰਦੇ ਤਾਂ ਪੈਨਸ਼ਨ ਨਾਲ ਬੜੇ ਸੁੱਖ ਆਰਾਮ ਦੀ ਜ਼ਿੰਦਗੀ ਬਸਰ ਕਰ ਸਕਦੇ ਹਨ ਪਰ ਭਾਈ ਵੀਰ ਸਿੰਘ ਜੀ ਦੀਆਂ ਕਾਵਿ ਸਤਰਾਂ ਹਨ--ਸੀਨੇ ਖਿੱਚ ਜਿਨ੍ਹਾਂ ਨੇ ਖਾਧੀ-ਉਹ ਕਰ ਆਰਾਮ ਨਹੀਂ ਬਹਿੰਦੇ.....।
ਲੇਖਕ ਅਤੇ ਸ਼ਾਇਰ ਹਰਨਾਮ ਸਿੰਘ ਡੱਲਾ ਖੁਦ ਵੀ ਲੋਕਾਂ ਦੇ ਦੁੱਖ ਸੁਖ ਵਿੱਚ ਸ਼ਰੀਕ ਹੁੰਦੇ ਹਨ ਅਤੇ ਆਪਣੇ ਸਾਥੀਆਂ ਨੂੰ ਵੀ ਨਾਲ ਤੋਰਦੇ ਹਨ। ਕਦੇ ਗਦਰੀ ਬਾਬਿਆਂ ਦੇ ਵਿਚਾਰ ਮੰਚ ਦੀ ਮੀਟਿੰਗ, ਕਦੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੀ ਫੇਰੀ, ਕਦੇ ਕਲਾ ਭਵਨ, ਕਦੇ ਪੱਤਰਕਾਰਾਂ ਦੀ ਮੀਟਿੰਗ ਅਤੇ ਕਦੇ ਸਾਹਿਤਿਕ ਪ੍ਰੋਗਰਾਮਾਂ ਦੇ ਪ੍ਰਬੰਧ ਅਤੇ ਸ਼ਮੂਲੀਅਤ।
ਹੁਣ ਉਹਨਾਂ ਸਮੂਹ ਇਲਾਕਾ ਨਿਵਾਸੀਆਂ ਅਤੇ ਖਾਸ ਕਰਕੇ ਬੁਧੀਜੀਵੀਆਂ ਨੂੰ ਸੱਦਾ ਦਿੱਤਾ ਹੈ ਕਿ ਚਲਦੀਆਂ ਫਿਰਦੀਆਂ ਲਾਸ਼ਾਂ ਨਾ ਬਣੋ! ਦੋ ਤਿੰਨ ਦਿਨ ਪਹਿਲਾਂ ਇੰਟਰਨੈਟ ਤੇ ਜਾਰੀ ਆਪਣੇ ਸੁਨੇਹੇ ਵਿੱਚ ਉਹਨਾਂ ਕਿਹਾ ਹੈ-
ਸ਼ਹਿਰ ਨਿਵਾਸੀਓ!
ਹੁਣ ਰਾਤ ਦੇ ਗਿਆਰਾਂ ਵਜੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਤੁਸੀਂ ਜੇਕਰ ਕਿਸੇ ਨਸ਼ੇ ਦੀ ਵਰਤੋਂ ਨਹੀਂ ਕਰਦੇ ਤਾਂ ਤੁਹਾਡੀ ਨੀਂਦ ਵੀ ਸੰਨੀ ਇਨਕਲੇਵ ਵਿੱਚ ਵੱਜਦੇ ਪਟਾਕਿਆਂ ਦੀ ਜ਼ੋਰਦਾਰ ਆਵਾਜ਼ ਨੇ ਜ਼ਰੂਰ ਉੱਡਾ ਦਿੱਤੀ ਹੋਵੇਗੀ। ਪੰਛੀ ਆਲ੍ਹਣਿਆਂ ਵਿੱਚ ਬੈਠੇ ਦਹਿਲ ਗਏ ਹੋਣਗੇ। ਟਿਕੀ ਰਾਤ ਦਾ ਵੀ ਬਲਾਤਕਾਰ ਹੋ ਰਿਹਾ ਤੁਸੀਂ ਦੇਖਿਆ ਨਹੀਂ ਤਾਂ ਚੀਕਾਂ ਤਾਂ ਜ਼ਰੂਰ ਮਹਿਸੂਸ ਕਰ ਹੀ ਰਹੇ ਹੋਵੋਗੇ। ਨਿੱਕੇ ਬੱਚੇ ਮਾਵਾਂ ਦੀਆਂ ਗੋਦੀਆਂ ਵਿੱਚ ਬੰਬ ਦੀ ਆਵਾਜ਼ ਨਾਲ ਗੁੱਛਾ ਵੀ ਹੋਏ ਹੋਣਗੇ। ਕੋਈ ਮਨਚਲਾ ਕਿਸੇ ਦੀ ਨੀਂਦ ਹਰਾਮ ਕਰਕੇ ਪਤਾ ਨਹੀਂ ਕਿਸ ਖੁਸ਼ੀ ਦਾ ਆਨੰਦ ਲੈ ਰਿਹਾ ਹੋਵੇਗਾ!
ਦੀਵਾਲੀ-ਦੁਸਹਿਰੇ ਦੇ ਨਾਂਅ ਹੇਠ ਹੁੰਦੀ ਇਸ ਗੁੰਡਾਗਰਦੀ ਬਾਰੇ ਹਰਨਾਮ ਸਿੰਘ ਡੱਲਾ ਆਖਦੇ ਹਨ-ਦਿਵਾਲੀ ਦਾ ਤਿਉਹਾਰ ਲੰਘਿਆਂ ਹਫਤੇ ਤੋਂ ਵੱਧ ਸਮਾਂ ਹੋ ਗਿਆ ਹੈ। ਕੋਈ ਕਿਉਂ ਬਰੂਦ ਖਰੀਦ ਖਰੀਦ ਕੇ ਖਰੂਦ ਕਰ ਰਿਹਾ ਹੈ। ਪਟਾਕੇ ਚਲਾ ਰਿਹਾ ਹੈ। ਲੋਕਾਂ,ਪੰਛੀਆਂ,ਪਸ਼ੂਆਂ ਤੇ ਧਰਤੀ ਦੇ ਜੀਵਾਂ ਨੂੰ ਕੌਣ ਡਰਾ ਰਿਹਾ ਹੈ। ਹਾਰਟ ਅਤੇ ਦਮੇਂ ਦੇ ਮਰੀਜ਼ਾਂ ਜਾਂ ਕਿਸੇ ਅਣਹੋਣੀ ਦਾ ਸ਼ਿਕਾਰ ਸਦਮੇ ਵਿੱਚ ਡੁੱਬੇ ਪਰਵਾਰਾਂ ਨੂੰ ਰਾਤ ਦੇ ਗਿਆਰਾਂ ਵਜੇ ਕੌਣ ਆਪਣੇ ਪਾਗ਼ਲਪੁਣੇ ਦੀ ਖੁਸ਼ੀ ਨਾਲ ਪ੍ਰੇਸ਼ਾਨ ਕਰ ਰਿਹਾ ਹੈ?
ਇਹ ਜ਼ਰੂਰ ਕੋਈ ਅਮੀਰ ਸਾਹਿਬਜ਼ਾਦਾ ਹੋਵੇਗਾ। ਜਿਸ ਤੋਂ ਆਂਢ-ਗੁਆਂਢ ਤੇ ਸ਼ਹਿਰ ਦੀਆਂ ਵੈਲਫੇਅਰ ਕਲੋਨੀਆਂ ਤੇ ਪੁਲਿਸ ਪ੍ਰਸ਼ਾਸਨ ਝੇਫ ਖਾਂਦਾ ਹੋਏਗਾ। ਤਾਂਹੀ ਤਾਂ ਕੋਈ ਮਨਚਲੇ ਦਾ ਜੁਰਮ ਪੁਲਿਸ ਤੰਤਰ ਨੂੰ ਦਿਖਾਈ ਤੇ ਸੁਣਾਈ ਨਹੀਂ ਦਿੰਦਾ। ਪੱਤਰਕਾਰ ਭਾਈਚਾਰੇ ਨੂੰ ਵੀ ਬੰਬਾਂ ਦੀ ਆਵਾਜ਼ ਜ਼ਰੂਰ ਸੁਣਦੀ ਹੋਵੇਗੀ। ਕਿਉਂ ਨਹੀਂ ਪੱਤਰਕਾਰ ਪ੍ਰਿੰਟ ਅਤੇ ਇਲੈਕਟਰਿਕ ਮੀਡੀਏ ਰਾਹੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਲਈ ਲਿਖਦੇ ਜਾਂ ਨਸ਼ਰ ਕਰਦੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ-ਉਹ ਕਰ ਆਰਾਮ ਨਹੀਂ ਬਹਿੰਦੇ!
ਲੇਖਕ ਅਤੇ ਪੱਤਰਕਾਰ ਹਰਨਾਮ ਸਿੰਘ ਡੱਲਾ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਇਸ ਅਣਮਨੁੱਖੀ ਵਰਤਾਰੇ ਬਾਰੇ ਗੱਲ ਕਰਦਿਆਂ ਸੁਆਲ ਵੀ ਪੁੱਛਦੇ ਹਨ-ਅਸੀਂ ਮਿੱਟੀ ਕਿਉਂ ਹੋ ਗਏ ਹਾਂ। ਅਧੇ ਸ਼ਹਿਰ ਦੀ ਨੀਂਦ ਹਰਾਮ ਕਰਨ ਵਾਲੇ ਪਾਗ਼ਲ ਖਿਲਾਫ ਪੁਲਿਸ ਕੋਈ ਕਾਰਵਾਈ ਕਿਉਂ ਨਹੀਂ ਕਰਦੀ?
ਪ੍ਰਦੂਸ਼ਨ ਬੋਰਡ ਦਾ ਬਾਕਾਇਦਾ ਕਾਨੂੰਨ ਹੈ ਕਿ ਸ਼ੋਰ ਪ੍ਰਦੂਸ਼ਣ ਵਿਰੁੱਧ ਪਰਚਾ ਦਰਜ ਹੋ ਸਕਦਾ ਹੈ। ਉਸ ਨੂੰ ਲਭ ਕੇ ਪੁਲਿਸ ਕੋਈ ਕਾਰਵਾਈ ਕਿਉਂ ਨਹੀਂ ਕਰਦੀ? ਉਸ ਮਨਚਲੇ ਨੂੰ ਕਾਨੂੰਨ ਦਾ ਵੀ ਕੋਈ ਡਰ ਅਖੀਰ ਕਿਓਂ ਨਹੀਂ। ਮੈਂ ਇਕ ਪੱਤਰਕਾਰ ਦੇ ਤੌਰ ਤੇ ਪਹਿਲਾਂ ਵੀ ਖਬਰਾਂ ਲਗਵਾਈਆਂ ਹਨ ਕਿ ਸੰਨੀ ਇਨਕਲੇਵ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਥੋਹੜੇ ਥੋੜ੍ਹੇ ਸਮੇਂ ਬਾਅਦ ਹੀ ਕੋਈ ਮਨਚਲਾ ਵੱਡੇ ਧਮਾਕੇ ਵਾਲੇ ਬੰਬ ਚਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ; ਪਰ ਉਸ ਖਿਲਾਫ ਕੋਈ ਐਕਸ਼ਨ ਹੋਇਆ ਹੁੰਦਾ ਤਾਂ ਉਹ ਵਾਰ ਵਾਰ ਇਹ ਗੁਨਾਹ ਨਾ ਕਰਦਾ।
ਉਹਨਾਂ ਇਲਾਕਾ ਨਿਵਾਸੀਆਂ ਨੂੰ ਵੀ ਸੱਦਾ ਦਿੱਤਾ ਕਿ ਸੁਸਾਇਟੀਆਂ ਵਿੱਚ ਰਹਿੰਦੇ ਲੋਕੋ ਤੁਸੀਂ ਬੋਲੇ ਹੋ ? ਜਾਂ ਚੁੱਪ ਰਹਿਣ ਦੀ ਕਸਮ ਖਾ ਲਈ ਹੈ, ਕਿ ਪ੍ਰੇਸ਼ਾਨੀ ਦੇ ਬਾਅਦ ਵੀ ਬੋਲਣ ਦਾ ਦਮ ਨਹੀਂ ਰੱਖਦੇ। ਬੋਲੋ ਯਾਰ! ਪੰਜਾਬ ਦੇ ਲੋਕਾਂ ਨੂੰ ਮਾਰਸ਼ਲ ਕੌਮ ਕਿਹਾ ਜਾਂਦਾ ਹੈ,ਕੁਝ ਉਚਰੋ। ਕਿਸੇ ਲਈ ਨਹੀਂ ਆਪਣੇ ਲਈ ਤਾਂ ਬੋਲੋ! ਇਹ ਇੱਕ ਬੰਦਾ ਪੂਰੇ ਸ਼ਹਿਰ ਦੀ ਨੀਂਦ ਹਰਾਮ ਕਰ ਰਿਹਾ ਹੈ। ਪੁਲਿਸ ਨੂੰ ਕਹੋ ਕਿ ਇਸ ਨੂੰ ਲੱਭ ਕੇ ਇਸ ਖਿਲਾਫ ਕਾਰਵਾਈ ਕਰੇ!
ਹੋਰ ਨਹੀਂ ਤਾਂ ਵੈਲਫੇਅਰ ਐਸੋਸੀਏਸ਼ਨਾਂ ਵਾਲੇ ਹੀ ਜਾਗਣ। ਇਹ ਬੰਬ/ਪਟਾਕੇ ਚਲਾਉਂਣ ਵਾਲੇ ਬੰਦੇ ਖ਼ਿਲਾਫ਼ ਪ੍ਰਸ਼ਾਸਨ ਨੂੰ ਕੁਝ ਤਾਂ ਕਹੋ। ਬਿਮਾਰਾਂ, ਬਜ਼ੁਰਗਾਂ, ਪੰਛੀਆਂ ਅਤੇ ਜਾਨਵਰਾਂ ਪ੍ਰਤੀ ਵੀ ਏਨੇ ਭਿਆਨਕ ਪਟਾਖੇ ਗੰਭੀਰ ਜੁਰਮ ਵਾਂਗ ਹੀ ਹਨ। ਪ੍ਰਦੂਸ਼ਣ ਵਿਰੋਧੀ ਸੰਗਠਨਾਂ, ਜਾਨਵਰਾਂ ਨਾਲ ਬੇਰਹਿਮੀ ਦਾ ਵਿਰੋਧ ਕਰਨ ਵਾਲੇ ਸੰਗਠਨਾਂ ਨੂੰ ਵੀ ਹੈ। ਜੇਕਰ ਵਾਲਾ ਸ਼ੌਂਕ ਪੂਰਾ ਕਰਨ ਕਿਸੇ ਜੰਗ ਵਾਲੇ ਦੇਸ਼ ਦੇ ਬਾਰਡਰ ਤੇ ਭੇਜਿਆ ਜਾਣਾ ਚਾਹੀਦਾ ਹੈ।
*ਹਰਨਾਮ ਸਿੰਘ ਡੱਲਾ ਲੇਖਕ ਵੀ ਹਨ, ਸ਼ਾਇਰ ਵੀ ਹਨ ਰੋਜ਼ਾਨਾ ਨਵਾਂ ਜ਼ਮਾਨਾ ਅਖਬਾਰ ਦੇ ਪੱਤਰਕਾਰ ਵੀ ਹਨ ਅਤੇ ਗ਼ਦਰੀ ਬਾਬੇ ਵਿਚਾਰਧਾਰਕ ਮੰਚ ਖਰੜ ਦੇ ਪ੍ਰਧਾਨ ਵੀ ਹਨ।